World News
Published: 19 Oct 2026
ਸਿੱਧੂ ਮੂਸੇਵਾਲਾ ਦੇ ਮਾਪਿਆਂ ਖ਼ਿਲਾਫ਼ ਸ਼ਿਕਾਇਤ
ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸੁਖਦੀਪ ਸਿੰਘ ਸਿੱਧੂ ਵੱਲੋਂ ਕੈਨੇਡਾ ਦੇ ਟੋਰਾਂਟੋ ਵਿੱਚ ਹੋਲੋਗ੍ਰਾਮ ਸ਼ੋਅ ਦੌਰਾਨ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨ ’ਤੇ ਬਾਲ ਅਧਿਕਾਰ ਸੰਗਠਨ ਲਾਅਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਮਾਨਸਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਇਸ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬੱਚਿਆਂ ਅੰਦਰ ਅਜਿਹੇ ਹਾਵ-ਭਾਵ ਸ਼ੁਭ ਸੰਕੇਤ ਨਹੀਂ ਹੈ ਅਤੇ ਇਸ ਦਾ ਨੋਟਿਸ ਲੈਣਾ ਬਣਦਾ ਹੈ। ਸੰਸਥਾ ਮੁਤਾਬਕ ਛੋਟੇ ਬੱਚੇ ਨੂੰ ਅਜਿਹੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਸ਼ਿਕਾਇਤ ਵਿੱਚ ਉਸ ਦੇ ਮਾਪਿਆਂ ਦੀ ਕੌਂਸਲਿੰਗ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਉਹ ਆਪਣੇ ਬੱਚੇ ਨੂੰ ਅਜਿਹਾ ਕੁਝ ਨਾ ਸਿਖਾਉਣ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਸਮਾਗਮ ਦੌਰਾਨ ਸੁਖਦੀਪ ਸਿੰਘ ਸਿੱਧੂ ਨੂੰ ਸਟੇਜ ’ਤੇ ਲਿਆਂਦਾ ਗਿਆ ਜਿੱਥੇ ਉਹ ਹੱਥ ਨਾਲ ਪਿਸਤੌਲ ਚਲਾਉਣ ਵਰਗਾ ਇਸ਼ਾਰਾ ਕਰਦਾ ਹੈ ਅਤੇ ਗੋਲੀ ਚੱਲਣ ਦੀ ਆਵਾਜ਼ ਵਰਗੀ ਨਕਲ ਵੀ ਕਰਦਾ ਹੈ। ਉਹ ਸਟੇਜ ’ਤੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ’ਚ ਥਾਪੀ ਮਾਰ ਕੇ ਵੀ ਦਿਖਾਉਂਦਾ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਸੰਸਥਾ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਵੱਲੋਂ ਮਾਨਸਾ ਜ਼ਿਲ੍ਹਾ ਬਾਲ ਸੁਰੱਖਿਆ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਹ ਸ਼ਿਕਾਇਤ ਭੇਜੀ ਗਈ ਹੈ।
← Back to News