‘ਅਪਰੇਸ਼ਨ ਬਲੂਸਟਾਰ’ ਇਕ ਗਲਤੀ ਸੀ, ਇੰਦਰਾ ਗਾਂਧੀ ਨੇ ਜਾਨ ਦੇ ਕੇ ਕੀਮਤ ਚੁਕਾਈ: ਚਿਦੰਬਰਮ

blog single post
ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਕਿ 1984 ’ਚ ਸ੍ਰੀ ਹਰਿਮੰਦਰ ਸਾਹਿਬ ’ਚ ਲੁਕੇ ਖਾੜਕੂਆਂ ਨੂੰ ਫੜਨ ਲਈ ਚਲਾਇਆ ਗਿਆ ‘ਅਪਰੇਸ਼ਨ ਬਲੂਸਟਾਰ’ ਸਹੀ ਢੰਗ ਨਹੀਂ ਸੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਦੀ ਕੀਮਤ ‘ਆਪਣੀ ਜਾਨ ਦੇ ਕੇ ਚੁਕਾਉਣੀ’ ਪਈ ਸੀ।ਸਾਬਕਾ ਕੇਂਦਰੀ ਗ੍ਰਹਿ ਮੰਤਰੀ ਨੇ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਕਸੌਲੀ ’ਚ ਇੱਕ ਪੁਸਤਕ ਰਿਲੀਜ਼ ਸਮਾਗਮ ਦੌਰਾਨ ਕਿਹਾ, ‘ਸਾਰੇ ਖਾੜਕੂਆਂ ਨੂੰ ਫੜਨ ਦਾ ਕੋਈ ਹੋਰ ਢੰਗ ਹੋ ਸਕਦਾ ਸੀ ਪਰ ‘ਅਪਰੇਸ਼ਨ ਬਲੂਸਟਾਰ’ ਗਲਤ ਢੰਗ ਸੀ ਅਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇੰਦਰਾ ਗਾਂਧੀ ਨੇ ਇਸ ਗਲਤੀ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ। ਇਹ ਸੈਨਾ, ਖੁਫੀਆ ਵਿਭਾਗ, ਪੁਲੀਸ ਤੇ ਹੋਰ ਏਜੰਸੀਆਂ ਦਾ ਸਾਂਝਾ ਫ਼ੈਸਲਾ ਸੀ ਅਤੇ ਤੁਸੀਂ ਇਸ ਲਈ ਪੂਰੀ ਤਰ੍ਹਾਂ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ।’ ਚਿਦੰਬਰਮ ਨੇ ਖੁਸ਼ਵੰਤ ਸਿੰਘ ਸਾਹਿਤ ਉਤਸਵ ’ਚ ਪੱਤਰਕਾਰ ਤੇ ਲੇਖਿਕਾ ਹਰਿੰਦਰ ਬਵੇਜਾ ਨਾਲ ਉਨ੍ਹਾਂ ਦੀ ਪੁਸਤਕ ‘ਦੇ ਵਿੱਲ ਸ਼ੂਟ ਯੂ ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ’ਤੇ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਚਿਦੰਬਰਮ ਨੇ ਸਮਾਗਮ ਦੌਰਾਨ ਕਿਹਾ, ‘ਅਪਰੇਸ਼ਨ ਬਲੂਸਟਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਖਾਲੀ ਕਰਾਉਣ ਦਾ ਸਹੀ ਢੰਗ ਨਹੀਂ ਸੀ ਅਤੇ ਤਕਰੀਬਨ 3 ਤੋਂ 4 ਸਾਲ ਬਾਅਦ ਅਸੀਂ ‘ਅਪਰੇਸ਼ਨ ਬਲੈਕ ਥੰਡਰ’ ਨਾਲ ਸੈਨਾ ਨੂੰ ਬਾਹਰ ਰੱਖ ਕੇ ਸਹੀ ਫ਼ੈਸਲਾ ਲਿਆ।’ ਬਵੇਜਾ ਨੇ ਕਿਹਾ ਕਿ ‘ਅਪਰੇਸ਼ਨ ਬਲੂਸਟਾਰ’ ਕਾਰਨ ਪੰਜਾਬ ’ਚ ਹਿੰਸਾ ਦੇ ਅਗਲੇ ਦੌਰ ਦੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ‘ਧਰਮ ਨੂੰ ਰਾਜਨੀਤੀ ਨਾਲ ਜੋੜ ਦਿੱਤਾ’ ਅਤੇ ਅਕਾਲੀਆਂ ਨੂੰ ਕੰਟਰੋਲ ਕਰਨ ਲਈ ਭਿੰਡਰਾਂਵਾਲੇ ਦੀ ਸਹਾਇਤਾ ਲਈ। ਚਿਦੰਬਰਮ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ ਕਿ ਭਿੰਡਰਾਂਵਾਲੇ ਨੂੰ ਇੰਦਰਾ ਗਾਂਧੀ ਨੇ ‘ਖੜ੍ਹਾ ਕੀਤਾ’ ਸੀ। ਉਨ੍ਹਾਂ ਕਿਹਾ, ‘ਮੈਂ ਨਹੀਂ ਮੰਨਦਾ ਕਿ ਸ੍ਰੀਮਤੀ ਗਾਂਧੀ ’ਤੇ ਇਹ ਦੋਸ਼ ਲਾਉਣਾ ਸਹੀ ਹੈ ਕਿ ਉਨ੍ਹਾਂ ਭਿੰਡਰਾਂਵਾਲੇ ਨੂੰ ਖੜ੍ਹਾ ਕੀਤਾ ਸੀ।’ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਹੋਰ ਖਾੜਕੂਆਂ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ’ਚੋਂ ਕੱਢਣ ਲਈ 1 ਤੋਂ 10 ਜੂਨ 1984 ਵਿਚਾਲੇ ‘ਅਪਰੇਸ਼ਨ ਬਲੂ ਸਟਾਰ’ ਤਹਿਤ ਫੌਜੀ ਮੁਹਿੰਮ ਚਲਾਈ ਗਈ ਸੀ। ਬਾਅਦ ਵਿੱਚ ਉਸੇ ਸਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।