ਜਥੇਦਾਰ ਗੜਗੱਜ ਦੀ ਦਸਤਾਰਬੰਦੀ
ਤਖ਼ਤ ਕੇਸਗੜ੍ਹ ਸਾਹਿਬ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਗਈ। ਸਮਾਗਮ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਪਰਦਾਵਾਂ ਦੇ ਆਗੂ, ਸੰਤ-ਮਹਾਂਪੁਰਸ਼ ਅਤੇ ਸਿੱਖ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਦਸਤਾਰ ਭੇਟ ਕਰਕੇ ਬਤੌਰ ਜਥੇਦਾਰ ਪ੍ਰਵਾਨ ਕੀਤਾ ਗਿਆ। ਹਾਲਾਂਕਿ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮਾਗਮ ’ਚ ਸ਼ਾਮਲ ਨਹੀਂ ਹੋਏ। ਮਾਰਚ ਮਹੀਨੇ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਅੱਜ ਦਾ ਇਹ ਸਮਾਗਮ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੇ ਯਤਨਾਂ ਸਦਕਾ ਸੰਭਵ ਹੋਇਆ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੂਰਨ ਮਰਿਆਦਾ ਅਨੁਸਾਰ ਜਥੇਦਾਰ ਦੀ ਦਸਤਾਰਬੰਦੀ ਹੋਈ ਹੈ। ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਤੋਂ ਪਹਿਲਾਂ ਪੰਥਕ ਏਕਤਾ ਲਾਜ਼ਮੀ ਹੈ ਤੇ ਇਹ ਸਮਾਗਮ ਲੋਕਾਂ ਵਿੱਚ ਵੱਡਾ ਸੁਨੇਹਾ ਲੈ ਕੇ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਅਕਾਲ ਤਖ਼ਤ ਸਾਹਿਬ ’ਤੇ ਪੱਕੇ ਜਥੇਦਾਰ ਦੀ ਨਿਯੁਕਤੀ ਸ਼ਹੀਦੀ ਸ਼ਤਾਬਦੀ ਤੋਂ ਪਹਿਲਾ ਕੀਤੀ ਜਾਵੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕਿਹਾ ਕਿ ਉਨ੍ਹਾਂ ਦਾ ਰੋਮ-ਰੋਮ ਪੰਥ ਦਾ ਰਿਣੀ ਹੈ ਅਤੇ ਉਹ ਸਦਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਖ ਪੰਥ ਤੇ ਪੰਜਾਬ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਨਾਲ ਮਿਲ-ਜੁਲ ਕੇ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ। ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਜੋਗਾ ਸਿੰਘ, ਬਾਬਾ ਅਵਤਾਰ ਸਿੰਘ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਰਚਰਨ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ ਸਮੇਤ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੰਤ-ਮਹਾਂਪੁਰਸ਼ ਵੀ ਮੌਜੂਦ ਰਹੇ।