ਅਕਾਲੀ ਬੀਜੇਪੀ ਵਾਲੇ ਭਾਵੇਂ ਇਕੱਠੇ ਹੋ ਜਾਣ ਪਰ ਹੁਣ ਇਨ੍ਹਾਂ ਦੀ ਦਾਲ ਨਹੀਂ ਗਲਣੀ : ਹਰਪਾਲ ਸਿੰਘ ਚੀਮਾ

blog single post
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ’ਤੇ ਸਿਆਸੀ ਨਿਸ਼ਾਨ ਵਿੰਨ੍ਹਿਆ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ-ਭਾਜਪਾ ਗਠਜੋੜ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚਲ ਪੈਦਾ ਹੋ ਗਈ ਹੈ । ਕੈਪਟਨ ਦੇ ਇਸ ਬਿਆਨ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਤੀਕਿਰਿਆ ਸਾਹਮਣੇ ਆਈ ਹੈ । ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਪਟਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿੰਨੇ ਵੀ ਲੋਕਾਂ ਦੇ ਨਕਾਰੇ ਹੋਏ ਨੇਤਾ ਹਨ, ਉਹ ਸਾਰੇ ਇਕ ਮੰਚ 'ਤੇ ਆਉਣਾ ਚਾਹੁੰਦੇ ਹਨ । ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਕਾਂਗਰਸ 'ਚ ਰਹਿੰਦਿਆਂ ਵੀ ਕੈਪਟਨ ਦੇ ਭਾਜਪਾ ਨਾਲ ਲਿੰਕ ਸਨ । ਉਨ੍ਹਾਂ ਕਿਹਾ ਕਿ ਕੈਪਟਨ ਦਲ ਬਦਲਣ ਦੇ ਮਾਹਰ ਹਨ । ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਲੋਕ ਪੰਜਾਬ ਦੀ ਪਾਵਰ ਨੂੰ ਹਥਿਆਉਣਾ ਚਾਹੁੰਦੇ ਹਨ । ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ । ਅੱਜ ਜਦੋਂ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਪੈਦਾ ਕੀਤੇ ਮਾਫ਼ੀਆਵਾਦ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਫਿਰ ਤੋਂ ਸਾਰੇ ਇੱਕੋ ਥਾਂ 'ਤੇ ਇਕੱਠੇ ਹੋਣਾ ਚਾਹੁੰਦੇ ਹਨ। ਇਹ ਗੱਲ ਵੀ ਪੰਜਾਬੀਆਂ ਸਾਹਮਣੇ ਆ ਗਈ ਹੈ ਕਿ ਕੈਪਟਨ ਸਾਹਿਬ ਵੀ ਅਕਾਲੀ ਦਲ ਨਾਲ ਰਲੇ ਹੋਏ ਹਨ। ਇਸ ਦਾ ਮਤਲਬ ਹੈ ਕਿ ਸਾਰੇ ਚੋਰ ਇਕੱਠੇ ਹੋ ਕੇ ਪੰਜਾਬ ਦੀ ਰਾਜਨੀਤੀ ਹਥਿਆਉਣਾ ਚਾਹੁੰਦੇ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੀ ਕੀਤੇ ਹਨ, ਜਿਸ ਕਾਰਨ ਇਹ ਸਾਰੇ ਲੋਕ ਅੱਜ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕੈਪਟਨ ਸਾਬ੍ਹ ਜਾਂ ਸੁਖਬੀਰ ਬਾਦਲ ਜਿੰਨੇ ਮਰਜ਼ੀ ਬਿਆਨ ਦੇ ਦੇਣ, ਇਹ ਸਾਰੇ ਬਿਆਨ ਦਿਖਾਉਂਦੇ ਹਨ ਕਿ ਇਹ ਸਾਰੇ ਉਹ ਲੋਕ ਹਨ, ਜਿਨ੍ਹਾਂ ਦੇ ਰਾਜ ਸਮੇਂ ਸਾਡੇ ਗੁਰੂਆਂ ਦੀ ਬੇਅਦਬੀ ਹੋਈ, ਕਿਸਾਨਾਂ 'ਤੇ ਲਾਠੀਚਾਰਜ ਹੋਇਆ ਅਤੇ ਕਾਲੇ ਕਾਨੂੰਨ ਬਣੇ। ਇਸ ਲਈ ਇਹ ਜੋ ਮਰਜ਼ੀ ਕਰ ਲੈਣ ਪਰ ਆਉਣ ਵਾਲੇ 20-25 ਸਾਲ ਇਨ੍ਹਾਂ ਦੀ ਦਾਲ ਨਹੀਂ ਗਲਣੀ। ਇਨ੍ਹਾਂ ਨੇ ਰੱਜ ਕੇ ਪੰਜਾਬ ਲੁੱਟਿਆ ਹੈ ਅਤੇ ਹੁਣ ਪੰਜਾਬ ਦੇ ਲੋਕ ਇਨ੍ਹਾਂ ਨੂੰ ਬਖ਼ਸ਼ਣਗੇ ਨਹੀਂ।