World News
Published: 30 Apr 2026
ਮੁਅੱਤਲ ਡੀਆਈਜੀ ਹਰਚਰਨ ਭੁੱਲਰ ਦੇ ਟਿਕਾਣਿਆਂ ਤੋਂ ਈਡੀ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ
ਈ ਡੀ ਨੇ ਪੰਜਾਬ ਪੁਲੀਸ ਦੇ ਮੁਅੱਤਲ ਡੀ ਆਈ ਜੀ, ਐੱਚ ਐੱਸ ਭੁੱਲਰ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ ਹਾਲ ਹੀ ਵਿੱਚ ਮਾਰੇ ਛਾਪਿਆਂ ਦੌਰਾਨ ਮਨੀ ਲਾਂਡਰਿੰਗ ਨਾਲ ਸਬੰਧਤ 1.4 ਕਰੋੜ ਰੁਪਏ ਦੇ ਅਸਾਸੇ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਕੇਂਦਰੀ ਏਜੰਸੀ ਨੇ 27 ਅਪਰੈਲ ਨੂੰ 11 ਥਾਵਾਂ ’ਤੇ ਛਾਪੇ ਮਾਰੇ ਸਨ, ਜਿਸ ਵਿੱਚ ਭੁੱਲਰ ਅਤੇ ਉਸ ਦੇ ਕਥਿਤ ਸਹਿਯੋਗੀਆਂ ਜਿਵੇਂ ਕਿ ਪ੍ਰਾਪਰਟੀ ਡੀਲਰ ਅਤੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ ਸ਼ਾਮਲ ਸਨ। ਈ ਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਇਹ ਮਾਮਲਾ ਭੁੱਲਰ ਅਤੇ ਉਸ ਦੇ ਸਾਥੀਆਂ ਵਿਰੁੱਧ ਰਿਸ਼ਵਤਖੋਰੀ ਅਤੇ ਕਥਿਤ ਤੌਰ ’ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਹੇਠ ਦਰਜ ਦੋ ਸੀ ਬੀ ਆਈ ਕੇਸਾਂ ਮਗਰੋਂ ਦਰਜ ਕੀਤਾ ਹੈ। ਉਸ ਨੂੰ ਅਕਤੂਬਰ 2025 ਵਿੱਚ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈ ਡੀ ਨੇ ਬਿਆਨ ਵਿੱਚ ਕਿਹਾ ਕਿ ਛਾਪਿਆਂ ਦੌਰਾਨ 1.4 ਕਰੋੜ ਰੁਪਏ ਦੇ ਅਸਾਸੇ ਜ਼ਬਤ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਨਾਲ ਸਬੰਧਤ ਕਈ ਦਸਤਾਵੇਜ਼ ਬਰਾਮਦ ਕੀਤੇ ਗਏ। ਜਾਂਚ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਪ੍ਰਾਪਰਟੀ ਡੀਲਰਾਂ ਅਤੇ ਸਬੰਧਤ ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਵੱਡੀ ਨਕਦੀ ਜਮ੍ਹਾਂ ਅਤੇ ਤਬਦੀਲ ਕੀਤੀ ਗਈ ਸੀ, ਜਿਨ੍ਹਾਂ ਕੋਲ ਜ਼ਮੀਨ ਵਿੱਚ ਨਿਵੇਸ਼ ਦੇ ਅਨੁਸਾਰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਸੀ। ਏਜੰਸੀ ਨੇ ਦੋਸ਼ ਲਗਾਇਆ ਕਿ ਮਗਰੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਨਾਮ ’ਤੇ ਜਾਇਦਾਦਾਂ ਖ਼ਰੀਦਣ ਲਈ ਫੰਡਾਂ ਦੀ ਵਰਤੋਂ ਕੀਤੀ ਗਈ। ਈ ਡੀ ਅਨੁਸਾਰ ਹਾਲ ਹੀ ਵਿੱਚ ਮਾਰੇ ਗਏ ਛਾਪਿਆਂ ਦੌਰਾਨ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੁਹਾਲੀ ਅਤੇ ਜ਼ੀਰਕਪੁਰ ਵਿੱਚ ਸਥਿਤ ਰਿਹਾਇਸ਼ੀ ਅਤੇ ਖੇਤੀਬਾੜੀ ਜਾਇਦਾਦਾਂ ਸਮੇਤ ਕਈ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
← Back to News