World News
Published: 13 May 2026
ਮੁੜ ਭਖਿਆ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਦਾ ਮੁੱਦਾ: ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਘੇਰਿਆ
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇਣ ਦੀ ਨੀਤੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਇਹ ਪ੍ਰਤੀਕਿਰਿਆ ਸੀਬੀਆਈ ਵੱਲੋਂ ਮਲੋਟ ਦੇ ਇੱਕ ਪਿਓ-ਪੁੱਤ ਅਤੇ ਉਨ੍ਹਾਂ ਦੇ ਸਾਥੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਸਬੰਧਤ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਆਈ ਹੈ। ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਇੱਕ ਪਾਸੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸੇ ਲੋਕਾਂ ਨੂੰ ਸਰਕਾਰੀ ਗੰਨਮੈਨ ਦਿੱਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਗਈ ਸੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮਲੋਟ ਦੇ ਰਿਸ਼ਵਤ ਕਾਂਡ ਵਿੱਚ ਵਿਚੋਲੇ ਵਜੋਂ ਕੰਮ ਕਰਨ ਵਾਲੇ ਪਿਓ-ਪੁੱਤ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਦਿੱਲੀ ਦੀਆਂ ਖੁਫੀਆ ਏਜੰਸੀਆਂ ਵੱਲੋਂ ਮੂਸੇਵਾਲਾ ਦੀ ਜਾਨ ਨੂੰ ਖ਼ਤਰਾ ਹੋਣ ਦੀਆਂ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ, ਸਰਕਾਰ ਨੇ ਖਰਚੇ ਘਟਾਉਣ ਦੇ ਨਾਂ ’ਤੇ ਸਿੱਧੂ ਦੇ ਦੋ ਗੰਨਮੈਨ ਵਾਪਸ ਲੈ ਲਏ ਸਨ। ਬਲਕੌਰ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, “ਸਰਕਾਰ ਮਿਹਨਤੀ ਪੰਜਾਬੀਆਂ, ਕਾਰੋਬਾਰੀਆਂ, ਟੈਕਸ ਦਾਤਾਵਾਂ ਅਤੇ ਮੇਰੇ ਪੁੱਤਰ ਵਰਗੇ ਗਲੋਬਲ ਆਈਕਨਾਂ ਦੀ ਸੁਰੱਖਿਆ ਨੂੰ ਖ਼ਜ਼ਾਨੇ ’ਤੇ ਬੋਝ ਸਮਝਦੀ ਹੈ।” ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਉਲਟ ਸਰਕਾਰ ਦਾ ਧਿਆਨ ਦਿੱਲੀ ਦੇ ਆਗੂਆਂ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਲੋਕਾਂ ਨੂੰ ਸੁਰੱਖਿਆ ਕਵਚ ਦੇਣ ਵੱਲ ਜ਼ਿਆਦਾ ਹੈ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਨੇ ਸੂਬੇ ਵਿੱਚ ਵੀਆਈਪੀ ਸੁਰੱਖਿਆ ਅਤੇ ਹਾਈ-ਰਿਸਕ ਹਸਤੀਆਂ ਦੇ ਸੁਰੱਖਿਆ ਪ੍ਰਬੰਧਾਂ ’ਤੇ ਮੁੜ ਨਵੀਂ ਬਹਿਸ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਸੀਬੀਆਈ ਨੇ ਭਾਰਤੀ ਜਨਤਾ ਯੁਵਾ ਮੋਰਚਾ (BJYM) ਦੇ ਆਗੂ ਰਾਘਵ ਗੋਇਲ, ਉਨ੍ਹਾਂ ਦੇ ਪਿਤਾ ਵਿਕਾਸ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨਾਲ ਏਕੇ-47 ਰਾਈਫਲਾਂ ਲੈ ਕੇ ਤਾਇਨਾਤ ਪੰਜਾਬ ਪੁਲੀਸ ਦੇ ਗੰਨਮੈਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
← Back to News