‘ਆਪ’ ਦੀਆਂ ਜ਼ਿਆਦਤੀਆਂ ਜੱਗ ਜ਼ਾਹਰ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਕਮਰਾਨ ਧਿਰ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਕਿਸੇ ਤੋਂ ਗੁੱਝੀਆਂ ਨਹੀਂ, ਸਮਾਂ ਆਉਣ ’ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਦਿਨ-ਰਾਤ ਇੱਕ ਕਰ ਕੇ ਦਲ ਦੇ ਉਮੀਦਵਾਰ ਨੂੰ ਜਿਤਾਉਣ ਦਾ ਸੱਦਾ ਦਿੱਤਾ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼ੇਰਪੁਰ ਨੇੜਲੇ ਪਿੰਡ ਕਾਤਰੋਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਦੀ ਮਾਤਾ ਭਜਨ ਕੌਰ (86) ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਜਨਰਲ ਸਕੱਤਰ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਪਾਰਟੀ ਦੇ ਬੁਲਾਰੇ ਡਾ. ਕਰਨਵੀਰ ਸਿੰਘ ਹਾਜ਼ਰ ਸਨ। ਇਸ ਦੌਰਾਨ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਨੇ ਪਿਛਲੇ ਸਾਲਾਂ ਤੋਂ ਬੰਦ ਪਏ ਧੂਰੀ ਦੇ ਗੰਨਾ ਮਿੱਲ ਦਾ ਮੁੱਦਾ ਸ੍ਰੀ ਬਾਦਲ ਦੇ ਧਿਆਨ ਵਿੱਚ ਲਿਆਂਦਾ। ਸ੍ਰੀ ਬਾਦਲ ਨੇ ਵਾਅਦਾ ਕੀਤਾ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਬੰਦ ਪਿਆ ਗੰਨਾ ਮਿੱਲ ਮੁੜ ਚਲਾਇਆ ਜਾਵੇਗਾ। ਇਸ ਮੌਕੇ ਯੂਥ ਆਗੂ ਗੁਰਬਖਸ਼ ਸਿੰਘ, ਸੀਨੀਅਰ ਆਗੂ ਗੁਰਬਚਨ ਸਿੰਘ ਘਨੌਰ, ਸਾਬਕਾ ਸਰਪੰਚ ਸਰਬਜੀਤ ਸਿੰਘ ਕਾਤਰੋਂ ਅਤੇ ਹੋਰ ਆਗੂ ਵੀ ਹਾਜ਼ਰ ਸਨ।
← Back to News