World News
Published: 25 May 2026
AAP ਦੇ ਰਾਜ ਵਿੱਚ ਪੰਜਾਬ 'ਚ ਕੋਈ ਵੀ ਸੁਰੱਖਿਅਤ ਨਹੀਂ, ਪੁਲੀਸ ਫੋਰਸ 'ਤੇ ਵੀ ਹੋ ਰਹੇ ਹਮਲੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ "ਪੰਜਾਬ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ" ਅਤੇ ਇੱਥੋਂ ਤੱਕ ਕਿ "ਪੁਲੀਸ ਫੋਰਸ 'ਤੇ ਵੀ ਹਮਲੇ ਹੋ ਰਹੇ ਹਨ"। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਨਗਰ ਨਿਗਮ/ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਦਲ ਨੂੰ ਵੋਟ ਪਾਉਣ। ਇੱਥੇ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, "ਅੱਜ ਮਜੀਠਾ ਵਿੱਚ ਡਿਊਟੀ 'ਤੇ ਜਾ ਰਹੇ ਇੱਕ ਅਸਿਸਟੈਂਟ ਸਬ-ਇੰਸਪੈਕਟਰ (ਏ ਐੱਸ ਆਈ) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੇਕਰ ਅਪਰਾਧਿਕ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੁਲੀਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ, ਤਾਂ ਆਮ ਆਦਮੀ ਦਾ ਕੀ ਬਣੇਗਾ।" ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ 'ਤੇ ਸੂਬਾ ਸਰਕਾਰ 'ਤੇ ਤਨਜ਼ ਕਸਦਿਆਂ ਬਾਦਲ ਨੇ ਕਿਹਾ, ''ਵਧ ਰਹੇ ਨਸ਼ਿਆਂ ਨੇ ਲੋਕਾਂ ਦਾ ਜੀਉਣਾ ਨਰਕ ਬਣਾ ਦਿੱਤਾ ਹੈ, ਜਿਸ ਕਾਰਨ ਲੁੱਟ-ਖੋਹ ਦੀਆਂ ਵਾਰਦਾਤਾਂ ਕਈ ਗੁਣਾ ਵਧ ਗਈਆਂ ਹਨ। ਇੰਜ ਜਾਪਦਾ ਹੈ ਕਿ ਸੰਵਿਧਾਨਕ ਮਸ਼ੀਨਰੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸੂਬਾ ਅਰਾਜਕਤਾ (ਗੁੰਡਾਰਾਜ) ਵੱਲ ਵਧ ਰਿਹਾ ਹੈ।" ਉਨ੍ਹਾਂ ਕਿਹਾ, "ਗੈਂਗਵਾਰ, ਜੋ ਪੰਜਾਬ ਵਿੱਚ ਹਰ ਰੋਜ਼ ਦੇਖਣ ਨੂੰ ਮਿਲਦੀ ਹੈ, ਹੁਣ ਹਾਈ ਸਕਿਊਰਿਟੀ ਜੇਲ੍ਹਾਂ ਤੱਕ ਪਹੁੰਚ ਗਈ ਹੈ। ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਬੀਤੀ ਰਾਤ ਵਿਰੋਧੀ ਕੈਦੀਆਂ ਵਿਚਕਾਰ ਹੋਈ ਹਿੰਸਕ ਝੜਪ ਕਾਰਨ ਭੰਨ-ਤੋੜ ਅਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ।" ਸੁਖਬੀਰ ਨੇ ਦੋਸ਼ ਲਾਇਆ, "ਮੁੱਖ ਮੰਤਰੀ ਭਗਵੰਤ ਮਾਨ ਇਸ ਸਥਿਤੀ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਪੰਜਾਬ ਨੂੰ ਇਸ ਮਾੜੀ ਕਾਨੂੰਨ ਵਿਵਸਥਾ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ ਅਤੇ ਇੱਥੋਂ ਦਾ ਵਪਾਰ ਤੇ ਉਦਯੋਗ ਸੂਬੇ ਵਿੱਚੋਂ ਬਾਹਰ ਜਾ ਰਿਹਾ ਹੈ।"
← Back to News