World News
Published: 02 Jun 2026
ਬਰਗਾੜੀ ਬੇਅਦਬੀ: ਰੋਸ ਮਾਰਚ ਕਰ ਕੇ ਪਸ਼ਚਾਤਾਪ ਦਿਵਸ ਮਨਾਇਆ
ਗਿਆਰਾਂ ਸਾਲ ਪਹਿਲਾਂ ਪਹਿਲੀ ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਾਮਲੇ ’ਤੇ ਜਥੇਬੰਦੀਆਂ ਨੇ ਅੱਜ ਤਿੰਨ ਵੱਖ ਵੱਖ ਸਮਾਗਮ ਕਰਕੇ ਪਸ਼ਚਾਤਾਪ ਦਿਵਸ ਮਨਾਇਆ। ਪਿੰਡ ਦੇ ਗੁਰਦੁਆਰੇ ਵਿੱਚ ਅਰਦਾਸ ਉਪੰਰਤ ਕੀਤੇ ਗਏ ਬਰਗਾੜੀ ਦੇ ਗੁਰਦੁਆਰੇ ਤੱਕ ਇਨਸਾਫ ਮੋਰਚੇ ਨੇ ਸੁਖਰਾਜ ਸਿੰਘ ਨਿਆਮੀਆਲਾ ਅਤੇ ਸਾਥੀਆਂ ਨੇ ਰੋਸ ਮਾਰਚ ਕੀਤਾ। ਇਸੇ ਤਰ੍ਹਾਂ ਵਾਰਿਸ ਪੰਜਾਬ ਜਥੇਬੰਦੀ ਨੇ ਵੱਖਰੇ ਤੌਰ ’ਤੇ ਮਨਪ੍ਰੀਤ ਸਿੰਘ ਇਆਲੀ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਕੋਟਕਪੂਰਾ ਚੌਕ ਤੱਕ ਰੋਸ ਮਾਰਚ ਕੀਤਾ, ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਨੇ ਬਰਗਾੜੀ ਪਿੰਡ ਵਿਖੇ ਗੁਰਦੁਆਰੇ ਵਿੱਚ ਅਰਦਾਸ ਕਰਕੇ ਇਹ ਦਿਨ ਮਨਾਇਆ। ਬਰਗਾੜੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੀਆਂ ਘਟਨਾਵਾ ਇਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਹੀ ਵਾਪਰੀਆਂ ਸਨ। ਇਥੋਂ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਫਿਰ ਗਲੀਆਂ ਵਿੱਚ ਧਮਕੀ ਪੱਤਰ ਲਗਾਏ ਗਏ, ਫਿਰ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਅਤੇ ਫਿਰ ਰੋਸ ਕਰਦੀਆਂ ਸੰਗਤਾਂ ’ਤੇ ਬਹਿਬਲ ਅਤੇ ਕੋਟਕਪੂਰਾ ਵਿਖੇ ਗੋਲੀ ਚੱਲੀ, ਜਿਸ ਕਾਰਨ ਦੋ ਸਿੰਘਾਂ ਦੀ ਮੌਤ ਹੋ ਗਈ। ਅਰਦਾਸ ਉਪਰੰਤ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜਿਸ ਵੇਲੇ ਇਹ ਘਟਨਾਵਾਂ ਹੋਈਆਂ ਉਸ ਵੇਲੇ ਭਾਵੇਂ ਉਹ ਅਕਾਲੀ ਦਲ ਵਿੱਚ ਸਨ ਪਰ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ, ਜਿਸ ਕਾਰਨ ਅਕਾਲੀ ਦਲ ਬਾਦਲ ਉਸੇ ਦਾ ਹੀ ਖਮਿਆਜ਼ਾ ਭੁਗਤ ਰਿਹਾ ਹੈ। ਬੇਅਦਬੀ ਸੰਬਧੀ ਬਣਾਏ ਗਏ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਦੇ ਹੱਕ ਵਿੱਚ ਹਨ, ਪਰ ਐੱਸ ਜੀ ਪੀ ਸੀ ਦੇ ਸ਼ੰਕੇ ਵੀ ਮਿਲ ਬੈਠ ਕੇ ਸਰਕਾਰ ਨੂੰ ਦੂਰ ਕਰਨੇ ਚਾਹੀਦੇ ਹਨ। ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਤਰਸੇਮ ਸਿੰਘ, ਬੀਬੀ ਸੰਦੀਪ ਕੌਰ ਖਾਲਸਾ ਅਤੇ ਦਲੇਰ ਸਿੰਘ ਡੋਡ ਨੇ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਿੱਖਾਂ ਦੇ ਹਿਰਦਿਆਂ ’ਤੇ ਮਲ੍ਹੱਮ ਲਗਾਈ ਜਾ ਸਕੇ। ਸੁਖਰਾਜ ਸਿੰਘ ਨਿਆਮੀਵਾਲਾ, ਬਾਬਾ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸਰਕਾਰ ਨੇ 24 ਘੰਟਿਆਂ ਵਿੱਚ ਇਨਸਾਫ ਦੇਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਹਾਲੇ ਤੱਕ ਗੋਲੀਕਾਂਡ ਦੇ ਕੇਸਾਂ ਵਿੱਚ ਚਲਾਨ ਵੀ ਪੂਰੇ ਪੇਸ਼ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਪਿਛਲੀਆਂ ਦੋਨਾਂ ਸਰਕਾਰਾਂ ਵਾਂਗ ਹੀ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਸਮੇਂ ਲੱਧਾ ਸਿਧਾਣਾ, ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਨੇ ਵੀ ਸੰਬੋਧਨ ਕੀਤਾ।
← Back to News