World News
Published: 13 Jun 2026
ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਨੂੰ ਲੈ ਕੇ ਪ੍ਰਬੰਧਕ ਕਮੇਟੀ ਤੇ ਬਲਦੇਵ ਸਿੰਘ ਵਡਾਲਾ ਆਹਮੋ ਸਾਹਮਣੇ
ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਪਹੁਵਿੰਡ ਵਿਖੇ ਕੁਝ ਦਿਨ ਪਹਿਲਾਂ ਏ ਸੀ ਦੇ ਲਗਾਤਾਰ ਚੱਲਦੇ ਰਹਿਣ ਕਰਕੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗ ਗਈ ਜਿਸ ਕਾਰਨ ਗੁਰੂ ਘਰ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕਥਿਤ ਤੌਰ ’ਤੇ ਬੇਅਦਬੀ ਹੋਈ ਸੀ। ਹੁਣ ਇਸ ਸਬੰਧੀ ਪੁਲੀਸ ਵੱਲੋਂ ਇੱਕ ਧਾਰਮਿਕ ਸਖਸ਼ੀਅਤ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਪ੍ਰਬੰਧਕ ਕਮੇਟੀ ਅਤੇ ਬਲਦੇਵ ਸਿੰਘ ਵਡਾਲਾ ਆਹਮੋ-ਸਾਹਮਣੇ ਆ ਗਏ ਹਨ। ਇਸ ਸਬੰਧੀ ਬਲਦੇਵ ਸਿੰਘ ਵਡਾਲਾ ਨੇ ਜਦੋਂ ਪੁਲੀਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪੁਲੀਸ ਨੇ ਅਜੇ ਤੱਕ ਕਾਰਵਾਈ ਸ਼ੁਰੂ ਨਹੀਂ ਕੀਤੀ। ਇਸ ਸਬੰਧੀ ਐਸ ਐਸ ਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਮਾਮਲਾ ਧਰਮ ਨਾਲ ਸਬੰਧਿਤ ਹੋਣ ਕਰਕੇ ਪੁਲੀਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਿਕਾਇਤ ਮਿਲਣ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰੇਗੀ। ਇਸ ਅਤਿ ਸੰਵੇਦਸ਼ੀਲ ਮਾਮਲੇ ਨੂੰ ਲੈ ਕੇ ਪੁਲੀਸ ਅਤੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਫੂਕ-ਫੂਕ ਕੇ ਪੈਰ ਰੱਖ ਰਹੀ ਹੈ।
← Back to News