World News
Published: 16 Jun 2026
ਇਤਰਾਜ਼ਯੋਗ ਵੀਡੀਓ ਮਾਮਲੇ 'ਚ ਭਗਵੰਤ ਮਾਨ ਗੁਰੂ ਦੋਖੀ ਕਰਾਰ
ਬੇਅਦਬੀ ਐਕਟ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਮਾਮਲੇ ਨੂੰ ਵਿਚਾਰਨ ਮਗਰੋਂ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਇਸ ਸਬੰਧੀ ਫੈਸਲੇ ਨੂੰ ਸੁਣਾਉਂਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 29 ਜੂਨ ਨੂੰ ਸਾਰੇ ਸਿੱਖ ਐਮਐਲਏ, ਉਹ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਅਤੇ ਸਮੁੱਚੀ ਕੈਬਨਿਟ ਪੰਜਾਬ ਸਰਕਾਰ ਨੂੰ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਹੈ। ਮੁੱਖ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਹੈ। ਜਥੇਦਾਰ ਗੜਗੱਜ ਨੇ ਆਖਿਆ ਕਿ ਇਸ ਮਾਮਲੇ ਵਿੱਚ ਭਾਰਤ ਦੀਆਂ ਦੋ ਮਾਨਤਾ ਪ੍ਰਾਪਤ ਵੱਡੀਆਂ ਲੈਬਜ਼ ਤੋਂ ਇਸ ਦੀ ਜਾਂਚ ਕਰਾਈ ਗਈ ਹੈ ਜਿੱਥੇ ਇਹ ਵੀਡੀਓਜ਼ ਠੀਕ ਪਾਈਆਂ ਗਈਆਂ ਹਨ, ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਨਾ ਹੀ ਇਹ ਏਆਈ ਨਾਲ ਬਣਾਈਆਂ ਹੋਈਆਂ ਹਨ। ਉਹਨਾਂ ਆਖਿਆ ਕਿ ਗੁਰੂ ਸਾਹਿਬ ਦੀਆਂ ਪ੍ਰਚੱਲਤ ਤਸਵੀਰਾਂ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਨਾਲ ਇਤਰਾਜ਼ਯੋਗ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਵੱਲੋਂ ਗੁਰਦੁਆਰਿਆਂ ਵਿਚੋਂ ਗੋਲਕਾਂ ਚੁੱਕਣ ਦੇ ਦਿੱਤੇ ਗਏ ਇੱਕ ਬਿਆਨ ਦਾ ਸਖਤ ਨੋਟਿਸ ਲੈਂਦਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਨੂੰ ਕਿਸੇ ਵੀ ਗੁਰਦੁਆਰੇ ਵਿੱਚੋਂ ਗੋਲਕ ਚੁੱਕਣ ਲਈ ਚੁਣੌਤੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋ ਵਿਦੇਸ਼ ਦੇ ਮਾਮਲਿਆਂ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਖਿਲਾਫ ਕਾਰਵਾਈ ਕੀਤੀ ਗਈ।
← Back to News