World News
Published: 21 Jun 2026
ਪੰਜਾਬ ਦੇ ਪਾਣੀਆਂ ਲਈ ਅੰਦੋਲਨ ਛੇੜਨ ਦਾ ਐਲਾਨ
ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਵੱਲੋਂ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਮੈਮੋਰੀਅਲ ਭਵਨ ਵਿੱਚ ਪੰਜਾਬ ਦੇ ਪਾਣੀਆਂ ’ਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਵਿੱਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ, ਵਿਸ਼ੇ ਦੇ ਮਾਹਿਰਾਂ, ਚਿੰਤਕਾਂ, ਅਕਾਦਮਿਕ ਹਸਤੀਆਂ ਅਤੇ ਸੀਨੀਅਰ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੀ ਤਰ੍ਹਾਂ ਹੀ ਹੁਣ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੱਡਾ ਲੋਕ ਅੰਦੋਲਨ ਛੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਣੀਆਂ ਦੇ ਮੋਰਚੇ ਦੀ ਤਰੀਕ ਦਾ ਰਸਮੀ ਤੌਰ ’ਤੇ ਐਲਾਨ ਕੀਤਾ ਜਾਵੇਗਾ। ਉਨ੍ਹਾਂ ਘਰ-ਘਰ ਮੁਹਿੰਮ ਚਲਾਉਣ ਅਤੇ ਪਿੰਡਾਂ ਵਿੱਚ ਪ੍ਰਚਾਰ ਕਰਨ ਆਉਣ ਵਾਲੇ ਸਿਆਸੀ ਆਗੂਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਪਾਣੀਆਂ ਦੇ ਮੋਰਚੇ ਦੀ ਅਗਵਾਈ ਕਰੇਗਾ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਕਰਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਬਲਵਿੰਦਰ ਸਿੰਘ ਸਿੱਧੂ ਨੇ 1847 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਪਾਣੀਆਂ ਨਾਲ ਜੁੜੀ ਸਿਆਸਤ ਅਤੇ ਹਾਲਾਤ ’ਤੇ ਚਾਨਣਾ ਪਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਮੌਜੂਦ ਨਹੀਂ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਪ੍ਰੋਫੈਸਰ ਜਗਮੋਹਣ ਸਿੰਘ, ਸਤਨਾਮ ਸਿੰਘ ਪੰਨੂ, ਡਾਕਟਰ ਪਿਆਰੇ ਲਾਲ ਗਰਗ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਡਾਕਟਰ ਸਵੈਮਾਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਦਯੋਗੀਕਰਨ ਕਾਰਨ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ। ਉਨ੍ਹਾਂ ਗੰਨੇ ਦੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਗੰਨੇ ਨਾਲ ਈਥਾਨੌਲ ਬਣ ਰਿਹਾ ਹੈ, ਜਿਸ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨਾ ਅਤੇ ਮੱਕੀ ਪਾਣੀ ਦੀ ਬਹੁਤ ਵੱਡੀ ਲਾਗਤ ਵਾਲੀਆਂ ਫ਼ਸਲਾਂ ਹਨ ਅਤੇ ਪ੍ਰਤੀ ਕਿੱਲਾ ਪਾਣੀ ਦਾ ਖ਼ਰਚ 7 ਹਜ਼ਾਰ ਰੁਪਏ ਤੱਕ ਪਹੁੰਚ ਚੁੱਕਾ ਹੈ। ਮੰਚ ਸੰਚਾਲਨ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕੀਤਾ। ਇਸ ਮੌਕੇ ਲੇਖਕ ਬਲਦੇਵ ਸਿੰਘ ਸੜਕਨਾਮਾ, ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਦੇ ਆਗੂ ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਥੂਹੀ, ਦਰਸ਼ਨ ਸਿੰਘ ਧਨੇਠਾ, ਮਨਪ੍ਰੀਤ ਕੌਰ, ਡਾ. ਹਰਨੇਕ ਸਿੰਘ ਰੋਡੇ, ਅਬਦੁਲ ਸ਼ਕੂਰ, ਤਰਸੇਮ ਜੋਧਾ, ਜਗਦੀਸ਼ ਰਾਮ ਰੋਪੜ, ਪ੍ਰੀਤਮ ਸਿੰਘ, ਕਰਮਦੀਨ , ਰੋਮਨ ਬਰਾੜ, ਡਾ. ਖੁਸ਼ਹਾਲ ਸਿੰਘ, ਰਜਿੰਦਰ ਕੌਰ, ਅਮਰਜੀਤ ਸਿੰਘ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਲਿਖਾਰੀ ਸਭਾ ਦੇ ਆਗੂ ਮੌਜੂਦ ਸਨ।
← Back to News