World News
Published: 01 Jul 2026
ਕਿਸਾਨਾਂ-ਮਜ਼ਦੂਰਾਂ ਵੱਲੋਂ ਪਾਵਰਕੌਮ ਦਫ਼ਤਰਾਂ ਅੱਗੇ ਮੁਜ਼ਾਹਰੇ
ਪੰਜਾਬ ਵਿੱਚ ਕੁਝ ਦਿਨਾਂ ਤੋਂ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਮੋਰਚਾ ਦੇ ਸੱਦੇ ’ਤੇ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਢਾਈ ਦਰਜਨ ਤੋਂ ਵੱਧ ਥਾਵਾਂ ’ਤੇ ਪਾਵਰਕੌਮ ਦੇ ਚੀਫ ਇੰਜਨੀਅਰ, ਐਕਸੀਅਨ ਅਤੇ ਐੱਸ ਡੀ ਓ ਦਫ਼ਤਰਾਂ ਅੱਗੇ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਧਰਨਿਆਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਖੇਤੀ ਖੇਤਰ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਝੋਨੇ ਅਤੇ ਹੋਰ ਫ਼ਸਲਾਂ ਦੀ ਸਿੰਚਾਈ ਨੂੰ ਮੁੱਖ ਰੱਖਦਿਆਂ ਖੇਤੀ ਮੋਟਰਾਂ ਲਈ ਘੱਟੋ-ਘੱਟ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੂਬੇ ਦੇ ਘਰੇਲੂ ਖਪਤਕਾਰਾਂ ਲਈ 24 ਘੰਟੇ ਨਿਰਵਿਘਨ ਬਿਜਲੀ ਯਕੀਨੀ ਬਣਾਈ ਜਾਵੇ। ਆਗੂਆਂ ਨੇ ਸੂਬੇ ਵਿੱਚ ਜਬਰੀ ਸਮਾਰਟ ਮੀਟਰ ਲਾਉਣ ਦੀ ਨੀਤੀ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਖਪਤਕਾਰਾਂ ਨੇ ਸਮਾਰਟ ਮੀਟਰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ, ਉਨ੍ਹਾਂ ਨੂੰ 10 ਫੀਸਦੀ ਜੁਰਮਾਨੇ ਵਾਲੇ ਬਿੱਲ ਭੇਜਣੇ ਬੰਦ ਕੀਤੇ ਜਾਣ ਅਤੇ ਪੁਰਾਣੇ ਮਕੈਨੀਕਲ ਮੀਟਰ ਮੁੜ ਲਾਏ ਜਾਣ। ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਕਿਸਾਨ ਆਗੂਆਂ ਤੋਂ ਮੰਗ ਪੱਤਰ ਹਾਸਲ ਕੀਤੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਪੱਧਰੀ ਮੰਗਾਂ ਲਈ 15 ਜੁਲਾਈ ਨੂੰ ਮੈਨੇਜਮੈਂਟ ਨਾਲ ਵਿਸ਼ੇਸ਼ ਮੀਟਿੰਗ ਕਰਵਾਈ ਜਾਵੇਗੀ।
← Back to News