World News
Published: 02 Jul 2026
‘ਪੰਥਕ ਇਕੱਠ’ ਲਈ ਮਾਲਵਾ ਵਿੱਚ ਤਿਆਰੀਆਂ ਤੇਜ਼: ਜਥੇਦਾਰ ਬਾਬਾ ਟੇਕ ਸਿੰਘ 5 ਜੁਲਾਈ ਲਈ ਵੱਡਾ ਐਲਾਨ
ਅੰਮ੍ਰਿਤਸਰ ਵਿਖੇ 5 ਜੁਲਾਈ ਨੂੰ ਹੋਣ ਵਾਲੇ ਵਿਸ਼ਾਲ ‘ਪੰਥਕ ਇਕੱਠ’ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵੱਲੋਂ ਬੁੱਧਵਾਰ ਨੂੰ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਾਲਵਾ ਖੇਤਰ ਦੇ ਗੁਰਦੁਆਰਾ ਮੈਨੇਜਰਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਧਰਮ ਪ੍ਰਚਾਰਕਾਂ ਨੇ ਹਿੱਸਾ ਲਿਆ। ਕੌਮੀ ਇੱਕਜੁੱਟਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰਮੀਟਿੰਗ ਦੌਰਾਨ ਜਥੇਦਾਰ ਬਾਬਾ ਟੇਕ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਹੁਕਮਨਾਮੇ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਮੁਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਕੌਮ ਦਾ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਥ ਵਿਰੋਧੀ ਤਾਕਤਾਂ ਅਤੇ ‘ਗੁਰੂ ਦੋਖੀਆਂ’ ਨੂੰ ਸਿੱਖ ਕੌਮ ਆਪਣੀ ਇਸੇ ਏਕਤਾ ਰਾਹੀਂ ਕਰਾਰਾ ਜਵਾਬ ਦੇਵੇਗੀ। ਸੰਗਤਾਂ ਨੂੰ ਇਕੱਠ ਵਿੱਚ ਸ਼ਾਮਲ ਹੋਣ ਦਾ ਸੱਦਾਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਅੰਮ੍ਰਿਤਸਰ ਵਿਖੇ ਇਹ ਵਿਸ਼ਾਲ ਇਕੱਠ ਸੱਦਿਆ ਗਿਆ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਪੰਥਕ ਆਗੂਆਂ ਵੱਲੋਂ ਵੀ ਸੰਤ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਇਕੱਠ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਧਰਮ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ਉਹ ਸੰਗਤ ਨੂੰ ਮੌਜੂਦਾ ਪੰਥਕ ਮਸਲਿਆਂ ਤੋਂ ਜਾਣੂ ਕਰਵਾਉਣ ਅਤੇ 5 ਜੁਲਾਈ ਦੇ ਇਕੱਠ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਗਵਾਉਣ ਲਈ ਪ੍ਰੇਰਿਤ ਕਰਨ। ਮੀਟਿੰਗ ਵਿੱਚ ਹਾਜ਼ਰ ਮੁੱਖ ਸ਼ਖਸੀਅਤਾਂਇਸ ਅਹਿਮ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ, ਸੁਰਜੀਤ ਸਿੰਘ, ਨਿਰਮਲਜੀਤ ਸਿੰਘ, ਭਾਗ ਸਿੰਘ, ਜਗਦੇਵ ਸਿੰਘ ਭਦੌੜ, ਤਰਸੇਮ ਸਿੰਘ ਭਗਤਾ, ਹਰਵਿੰਦਰ ਸਿੰਘ ਮੂਲੋਵਾਲ, ਤਰਸੇਮ ਸਿੰਘ ਰਾਇਕੋਟ, ਹਰਭਗਵਾਨ ਸਿੰਘ ਭਿੱਖੀ, ਮਨਜੀਤ ਸਿੰਘ ਬਹਾਦਰਗੜ੍ਹ, ਆਤਮ ਪ੍ਰਕਾਸ਼ ਸਿੰਘ, ਭੋਲਾ ਸਿੰਘ (ਇੰਚਾਰਜ ਧਰਮ ਪ੍ਰਚਾਰ ਸਬ-ਆਫਿਸ) ਅਤੇ ਭਾਈ ਰਵਿੰਦਰ ਸਿੰਘ ਖਾਲਸਾ (ਪ੍ਰਿੰਸੀਪਲ, ਗੁਰਮਤਿ ਇੰਸਟੀਚਿਊਟ) ਸਮੇਤ ਵੱਡੀ ਗਿਣਤੀ ਵਿੱਚ ਧਰਮ ਪ੍ਰਚਾਰਕ ਹਾਜ਼ਰ ਸਨ।
← Back to News