World News
Published: 04 Jul 2026
ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਖਾਲੜਾ ਪਰਿਵਾਰ ਦੀ ਹਰੀ ਝੰਡੀ; ZEE5 ’ਤੇ ਰਿਲੀਜ਼
ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਖਾਲੜਾ ਪਰਿਵਾਰ ਨੇ ਓ.ਟੀ.ਟੀ. ਪਲੇਟਫਾਰਮ ZEE5 ’ਤੇ ਸਟ੍ਰੀਮ ਹੋ ਰਹੀ ਫ਼ਿਲਮ ‘ਸਤਲੁਜ’ (Satluj) ਦੇ ਮੌਜੂਦਾ ਸਰੂਪ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ਿਲਮ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ’ਤੇ ਅਧਾਰਿਤ ਹੈ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇੱਕ ਬਿਆਨ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਸਪੱਸ਼ਟ ਕੀਤਾ ਕਿ ‘ZEE5’ ’ਤੇ ਰਿਲੀਜ਼ ਹੋਇਆ ਵਰਜ਼ਨ ਉਹੀ ਅਸਲੀ ਅਤੇ ਮੂਲ ਰੂਪ ਹੈ ਜੋ ਸਭ ਤੋਂ ਪਹਿਲਾਂ ਪਰਿਵਾਰ ਨੂੰ ਦਿਖਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਫ਼ਿਲਮ ’ਤੇ ਭਾਰੀ ਸਿਆਸੀ ਦਬਾਅ ਪਾਇਆ ਗਿਆ ਅਤੇ ਇਸ ਦੀ ਕਹਾਣੀ ਵਿੱਚ ਬਦਲਾਅ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਫ਼ਿਲਮ ਦੀ ਅਸਲ ਰੂਹ ਅਤੇ ਸੱਚਾਈ ਨੂੰ ਬਰਕਰਾਰ ਰੱਖਿਆ ਗਿਆ ਹੈ। ਉਨ੍ਹਾਂ ਫ਼ਿਲਮ ਦੇ ਰਿਲੀਜ਼ ਹੋਣ 'ਤੇ ਰਾਹਤ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਈ ਸਾਲਾਂ ਦੀਆਂ ਸਿਆਸੀ ਰੁਕਾਵਟਾਂ ਅਤੇ ਚੁਣੌਤੀਆਂ ਤੋਂ ਬਾਅਦ ਆਖਰਕਾਰ ਉਨ੍ਹਾਂ ਦੇ ਪਤੀ ਦੇ ਜੀਵਨ ਦੀ ਸੱਚੀ ਦਾਸਤਾਨ ਦਰਸ਼ਕਾਂ ਤੱਕ ਪਹੁੰਚ ਗਈ ਹੈ।
ਮਨੁੱਖੀ ਅਧਿਕਾਰਾਂ ਲਈ ਇੱਕ ਨਿਡਰ ਸੰਘਰਸ਼ ਦੀ ਮਿਸਾਲ
ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦਾ ਪੂਰਾ ਜੀਵਨ ਸੱਚ, ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਇੱਕ ਨਿਡਰ ਸੰਘਰਸ਼ ਦੀ ਮਿਸਾਲ ਰਿਹਾ ਹੈ। ਪਰਿਵਾਰ ਲਈ ਇਹ ਬਹੁਤ ਮਹੱਤਵਪੂਰਨ ਸੀ ਕਿ ਉਨ੍ਹਾਂ ਦੀ ਕਹਾਣੀ ਅਤੇ ਉਸ ਦੌਰ ਵਿੱਚ ਸਿੱਖਾਂ ’ਤੇ ਹੋਏ ਜ਼ੁਲਮਾਂ ਨੂੰ ਬਿਨਾਂ ਕਿਸੇ ਭੰਨ-ਤੋੜ, ਵਧਾਅ-ਚੜ੍ਹਾਅ ਜਾਂ ਫ਼ੇਰਬਦਲ ਦੇ, ਪੂਰੀ ਇਮਾਨਦਾਰੀ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਪਰਮਜੀਤ ਕੌਰ ਖਾਲੜਾ ਨੇ ਫ਼ਿਲਮ ਦੇ ਨਿਰਦੇਸ਼ਕ (ਡਾਇਰੈਕਟਰ) ਹਨੀ ਤ੍ਰਿਹਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜੋ ਆਪਣੇ ਅਸੂਲਾਂ ’ਤੇ ਦ੍ਰਿੜ ਰਹੇ ਅਤੇ ਫ਼ਿਲਮ ਦੀ ਕਲਾਤਮਕ ਤੇ ਇਤਿਹਾਸਕ ਪ੍ਰਮਾਣਿਕਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਨੀ ਤ੍ਰਿਹਾਨ ਨੇ 25,000 ਤੋਂ ਵੱਧ ਲਾਵਾਰਿਸ ਲਾਸ਼ਾਂ ਦੇ ਦਰਦਨਾਕ ਸੱਚ ਅਤੇ ਇਸ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਭਾਈ ਖਾਲੜਾ ਦੀ ਕਾਨੂੰਨੀ ਲੜਾਈ ਨੂੰ ਬਹੁਤ ਹੀ ਸੰਵੇਦਨਸ਼ੀਲ ਤੇ ਅਸਲੀ ਰੂਪ ਵਿੱਚ ਪਰਦੇ ’ਤੇ ਉਤਾਰਿਆ ਹੈ, ਜੋ ਕਿ ਡੂੰਘੇ ਸਤਿਕਾਰ ਦੇ ਯੋਗ ਹੈ। ਬੀਬੀ ਖਾਲੜਾ ਨੇ ਉਮੀਦ ਜਤਾਈ ਕਿ ਇਹ ਫ਼ਿਲਮ ਭਾਈ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ ਨੂੰ ਇੱਕ ਸੱਚੀ ਸ਼ਰਧਾਂਜਲੀ ਸਾਬਤ ਹੋਵੇਗੀ ਅਤੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਸੱਚ, ਨਿਆਂ, ਜਵਾਬਦੇਹੀ ਅਤੇ ਮਨੁੱਖੀ ਮਰਿਆਦਾ ਦੇ ਮੁੱਲਾਂ ’ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰੇਗੀ।
ਪਹਿਲਾ ‘ਘੱਲੂਘਾਰਾ’ ਤੇ ਫਿਰ ‘ਪੰਜਾਬ 95’ ਤੇ ਬਾਅਦ ਵਿੱਚ ‘ਸਤਲੁਜ’ ਰੱਖਿਆ ਗਿਆ ਨਾਮ
ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਨਾਮ ਪਹਿਲਾਂ ‘ਘੱਲੂਘਾਰਾ’ ਅਤੇ ਬਾਅਦ ਵਿੱਚ ‘ਪੰਜਾਬ 95’ ਰੱਖਿਆ ਗਿਆ ਸੀ। ਸੈਂਸਰ ਬੋਰਡ ਦੀਆਂ ਲੰਮੀਆਂ ਰੁਕਾਵਟਾਂ, ਕਈ ਕੱਟਾਂ ਅਤੇ ਨਾਮ ਬਦਲਣ ਦੀਆਂ ਸ਼ਰਤਾਂ ਤੋਂ ਬਾਅਦ ਹੁਣ ਇਸ ਨੂੰ ‘ਸਤਲੁਜ’ ਦੇ ਨਾਮ ਹੇਠ ZEE5 ’ਤੇ ਰਿਲੀਜ਼ ਕੀਤਾ ਗਿਆ ਹੈ। ‘ਆਰ.ਐੱਸ.ਵੀ.ਪੀ. ਮੂਵੀਜ਼’ ਅਤੇ ‘ਮੈਕਗਫਿਨ ਪਿਕਚਰਜ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਮੁੱਖ ਕਿਰਦਾਰ ਨਿਭਾਇਆ ਹੈ, ਜਦਕਿ ਉਨ੍ਹਾਂ ਦੇ ਨਾਲ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਿਆਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਹਜ਼ਾਰਾਂ ਗੈਰ-ਕਾਨੂੰਨੀ ਕਤਲਾਂ ਅਤੇ ਗੁਪਤ ਤੌਰ ’ਤੇ ਸਸਕਾਰ ਕੀਤੀਆਂ ਗਈਆਂ ਲਾਸ਼ਾਂ ਦੇ ਸੱਚ ਨੂੰ ਉਜਾਗਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਤੰਬਰ 1995 ਵਿੱਚ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
← Back to News