World News
Published: 09 Jul 2026
ਨਾਭਾ ਜੇਲ੍ਹ ਪ੍ਰਸ਼ਾਸਨ ਨੇ ਖਾਲੜਾ ਕਤਲ ਕੇਸ 'ਚ ਦੋਸ਼ੀ ਸਾਬਕਾ DSP ਜਸਪਾਲ ਸਿੰਘ ਦਾ ਥਹੁ-ਪਤਾ ਲਗਾਉਣ ਲਈ ਕਿਹਾ
ਫ਼ਿਲਮ 'ਸਤਲੁਜ' ਵਿਵਾਦ ਦੇ ਚਲਦਿਆਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਦੋਸ਼ੀਆਂ ਉੱਤੇ ਮੁੜ ਰੌਸ਼ਨੀ ਪਈ ਹੈ। ਇਸੇ ਵਿਚਾਲੇ ਹੁਣ ਨਾਭਾ ਓਪਨ ਖੇਤੀਬਾੜੀ ਜੇਲ੍ਹ ਵੱਲੋਂ ਹੁਸ਼ਿਆਰਪੁਰ ਪੁਲੀਸ ਨੂੰ ਇਸ ਕਤਲ ਵਿੱਚ ਦੋਸ਼ੀ ਸਾਬਕਾ ਡੀ ਐੱਸ ਪੀ (DSP) ਜਸਪਾਲ ਸਿੰਘ ਦਾ ਥਹੁ-ਪਤਾ ਲਗਾਉਣ ਲਈ ਕਿਹਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਹੁਸ਼ਿਆਰਪੁਰ ਥਾਣਾ ਸਦਰ ਨੇ ਕੀਤੀ ਹੈ। ਦਰਅਸਲ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਸਪਾਲ ਸਿੰਘ ਨੂੰ ਮਈ 2023 ਵਿੱਚ ਨਾਭਾ ਓਪਨ ਖੇਤੀਬਾੜੀ ਜੇਲ੍ਹ ਵਿੱਚੋਂ ਇੱਕ ਲੱਖ ਰੁਪਏ ਅਤੇ ਨਿੱਜੀ ਬਾਂਡ ਭਰਵਾ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਤੰਬਰ 2022 ਵਿੱਚ ਪੰਜਾਬ ਸਰਕਾਰ ਵੱਲੋਂ ਜਸਪਾਲ ਸਿੰਘ ਦੀ ਸਜ਼ਾ ਮੁਆਫ਼ੀ ਲਈ ਪ੍ਰਸਤਾਵ ਭੇਜਿਆ ਗਿਆ ਸੀ। ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਉਸ ਪ੍ਰਸਤਾਵ ਉੱਤੇ ਅਜੇ ਤੱਕ ਰਾਜਪਾਲ ਵੱਲੋਂ ਕੋਈ ਫ਼ੈਸਲਾ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਅਦਾਲਤ ਦੀ ਮਾਣਹਾਨੀ ਦੇ ਇੱਕ ਕੇਸ (COCP ਨੰਬਰ 2020/2022) ਵਿੱਚ ਫ਼ੈਸਲਾ ਸੁਣਾਇਆ ਹੋਇਆ ਹੈ ਕਿ ਜੇਕਰ ਰਾਜਪਾਲ ਤਿੰਨ ਮਹੀਨਿਆਂ ਤੱਕ ਸਰਕਾਰ ਦੇ ਪ੍ਰਸਤਾਵ 'ਤੇ ਕੋਈ ਫ਼ੈਸਲਾ ਨਹੀਂ ਲੈਂਦੇ, ਤਾਂ ਜਦੋਂ ਤੱਕ ਫ਼ੈਸਲਾ ਨਹੀਂ ਆਉਂਦਾ, ਉਦੋਂ ਤੱਕ ਕੈਦੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇ। ਇਸੇ ਫ਼ੈਸਲੇ ਨੂੰ ਆਧਾਰ ਬਣਾ ਕੇ ਪਟਿਆਲਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (CJM) ਨਵਦੀਪ ਕੌਰ ਗਿੱਲ ਨੇ ਜਸਪਾਲ ਸਿੰਘ ਨੂੰ ਜ਼ਮਾਨਤ ਉੱਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਦਿਲਚਸਪ ਹੈ ਕਿ ਅਪਰੈਲ 2019 ਵਿੱਚ ਵੀ ਜਸਪਾਲ ਸਿੰਘ ਨੂੰ ਇਸੇ ਨਿਯਮ ਤਹਿਤ ਹਾਈ ਕੋਰਟ ਤੋਂ ਪੈਰੋਲ ਮਿਲੀ ਸੀ। ਉਸ ਸਮੇਂ ਨਾਭਾ ਜੇਲ੍ਹ ਸੁਪਰਡੈਂਟ ਨੇ ਜਸਪਾਲ ਸਿੰਘ ਨੂੰ ਖਾਲੜਾ ਕਤਲ ਕੇਸ ਵਿੱਚ ਤਾਂ ਪੈਰੋਲ ਦੇ ਦਿੱਤੀ, ਪਰ ਉਸ ਨੂੰ ਟਾਂਡਾ ਦੀ ਐੱਫ ਆਈ ਆਰ (FIR) 81/1996 ਦੇ ਕੇਸ ਵਿੱਚ ਸੁਣਾਈ ਗਈ ਪੰਜ ਸਾਲ ਦੀ ਕੈਦ ਦੇ ਤਹਿਤ ਅੰਦਰ ਹੀ ਰੱਖਿਆ। ਇਸ 'ਤੇ ਜਸਪਾਲ ਸਿੰਘ ਨੇ ਹਾਈ ਕੋਰਟ ਵਿੱਚ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ 'ਹੈਬੀਅਸ ਕੋਰਪਸ' (Habeas Corpus) ਦਾ ਕੇਸ ਕੀਤਾ ਕਿ ਉਹ 2005 ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਪੰਜ ਸਾਲ ਦੀ ਸਜ਼ਾ ਉਮਰ ਕੈਦ ਦੇ ਨਾਲ ਚੱਲਦੇ ਹੋਏ ਖ਼ਤਮ ਹੋ ਗਈ ਹੈ। ਪਰ ਸਤੰਬਰ 2019 ਵਿੱਚ ਉਸ ਨੇ ਇਹ ਕੇਸ ਵਾਪਸ ਲੈ ਲਿਆ। ਇਸੇ ਦਰਮਿਆਨ 2019 ਵਿੱਚ ਤਤਕਾਲੀ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਕੇਂਦਰੀ ਗ੍ਰਹਿ ਵਿਭਾਗ ਦੇ ਜਵਾਬ ਵਿੱਚ ਇਤਰਾਜ਼ ਆਉਣ ਤੋਂ ਬਾਅਦ ਸਜ਼ਾ ਮੁਆਫ਼ੀ ਦੀ ਅਰਜ਼ੀ ਖਾਰਜ ਕਰ ਦਿੱਤੀ, ਜਿਸ ਕਾਰਨ ਜਸਪਾਲ ਸਿੰਘ ਦੀ ਮੁੜ ਤੋਂ ਉਮਰ ਕੈਦ ਸ਼ੁਰੂ ਹੋ ਗਈ। ਫਿਰ ਕੋਰੋਨਾ ਕਾਲ ਵਿੱਚ ਸਾਰੇ ਕੈਦੀਆਂ ਸਮੇਤ ਜਸਪਾਲ ਸਿੰਘ ਨੂੰ ਵੀ ਪੈਰੋਲ ਮਿਲੀ। 2021 ਵਿੱਚ ਜਸਪਾਲ ਸਿੰਘ ਨੇ ਹਾਈ ਕੋਰਟ ਵਿੱਚ ਫਿਰ ਤੋਂ ਸਜ਼ਾ ਮੁਆਫ਼ੀ ਦੀ ਅਪੀਲ ਦਾਇਰ ਕੀਤੀ, ਪਰ ਅਗਸਤ 2022 ਵਿੱਚ ਉਹ ਕੇਸ ਵੀ ਵਾਪਸ ਲੈ ਲਿਆ ਅਤੇ ਅਦਾਲਤ ਨੇ ਜਸਪਾਲ ਸਿੰਘ ਨੂੰ 16 ਅਗਸਤ 2022 ਤੱਕ ਆਤਮ-ਸਮਰਪਣ (ਸਰੈਂਡਰ) ਕਰਨ ਲਈ ਕਿਹਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਨੇ ਜ਼ਿਆਦਾਤਰ ਕੈਦ ਓਪਨ ਜੇਲ੍ਹ ਵਿੱਚ ਹੀ ਕੱਟੀ ਹੈ। ਦੱਸ ਦਈਏ ਕਿ ਸਾਲ 1995 ਵਿੱਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਕਤਲ ਕਰਨ ਦੇ ਕੇਸ ਦਾ 2005 ਵਿੱਚ ਫ਼ੈਸਲਾ ਸੁਣਾਉਂਦੇ ਹੋਏ ਪਟਿਆਲਾ ਦੀ ਸੀ ਬੀ ਆਈ (CBI) ਕੋਰਟ ਨੇ ਡੀ ਐੱਸ ਪੀ ਜਸਪਾਲ ਸਿੰਘ ਅਤੇ ਏ ਐੱਸ ਆਈ ਅਮਰਜੀਤ ਸਿੰਘ ਨੂੰ ਉਮਰ ਕੈਦ ਅਤੇ ਐੱਸ ਐੱਚ ਓਜ਼ ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ ਤੇ ਹੈੱਡ ਕਾਂਸਟੇਬਲ ਪ੍ਰਿਥੀਪਾਲ ਸਿੰਘ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਸੀ। ਅਪੀਲ ਦੌਰਾਨ ਹਾਈ ਕੋਰਟ ਨੇ ਜਸਪਾਲ ਸਿੰਘ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਅਮਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਸੀ ਅਤੇ ਬਾਕੀ ਚਾਰਾਂ ਦੀ ਸਜ਼ਾ ਸੱਤ ਸਾਲ ਤੋਂ ਵਧਾ ਕੇ ਉਮਰ ਕੈਦ ਕਰ ਦਿੱਤੀ ਸੀ।
← Back to News