World News
Published: 11 Jul 2026
‘ਸਤਲੁਜ’ ਉੱਤੇ ਪਾਬੰਦੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਮਾਰਚ
ਫ਼ਿਲਮ ‘ਸਤਲੁਜ’ ’ਤੇ ਲੱਗੀ ਰੋਕ ਹਟਾਉਣ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਪਿਆ ਗਿਆ। ਇਸ ਰੋਸ ਮਾਰਚ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਕਮੇਟੀ ਦੇ ਮੈਂਬਰ, ਅਧਿਕਾਰੀ ਤੇ ਸਮੂਹ ਮੁਲਾਜ਼ਮ ਸ਼ਾਮਲ ਸਨ। ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ। ਰੋਸ ਮਾਰਚ ਦੀ ਆਰੰਭਤਾ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਸੱਚਾਈ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਕੁਰਬਾਨੀ ਹੈ। ਇਹ ਕਾਰਜ ਕਿਸੇ ਇਕ ਵਿਅਕਤੀ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਸੱਚ ਨੂੰ ਸਾਹਮਣੇ ਲਿਆਉਣ ਦਾ ਯਤਨ ਸੀ। ਉਨ੍ਹਾਂ ਦੇ ਇਨ੍ਹਾਂ ਯਤਨਾਂ ਨੂੰ ਦਬਾਉਣ ਲਈ ਪੁਲੀਸ ਵੱਲੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਅਤੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਸੁਮਰੀਪ ਕੋਰਟ ਨੂੰ ਕੀਤੀ ਟੈਲੀਗ੍ਰਾਮ ਅਤੇ ਪਰਿਵਾਰ ਵੱਲੋਂ ਮਾਮਲਾ ਉਠਾਉਣ ’ਤੇ ਭਾਈ ਖਾਲੜਾ ’ਤੇ ਹੋਏ ਤਸ਼ੱਦਦ ਦਾ ਸੱਚ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਲੜੇ ਗਏ ਸੰਘਰਸ਼ ਅਤੇ ਸਿੱਖ ਨੌਜਵਾਨਾਂ ਨਾਲ ਹੋਈਆਂ ਵਧੀਕੀਆਂ ਤੋਂ ਸੰਸਾਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਬਣੀ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਕੁਝ ਹੀ ਸਮੇਂ ਬਾਅਦ ਸਰਕਾਰ ਵੱਲੋਂ ਪਾਬੰਦੀ ਲਾ ਕੇ ਰੋਕਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਧਾਮੀ ਨੇ ਕਿਹਾ ਕਿ ਉਹ ਖ਼ੁਦ ਵੀ ਇਸ ਦੌਰ ਦੇ ਗਵਾਹ ਰਹੇ ਹਨ, ਕਿਉਂਕਿ ਬਤੌਰ ਵਕੀਲ ਉਹ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਖਾਲੜਾ ਦੇ ਕੇਸ ਵਿਚ ਸਜ਼ਾ ਭੁਗਤ ਰਹੇ ਪੁਲੀਸ ਅਧਿਕਾਰੀ ਪ੍ਰਤੀ ਸਰਕਾਰ ਵੱਲੋਂ ਵਰਤੀ ਗਈ ਨਰਮੀ ਵੀ ਵੱਡੇ ਸਵਾਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਸਜ਼ਾਵਾਂ ਤੋਂ ਵਧੇਰੇ ਸਮਾਂ ਜੇਲ੍ਹਾਂ ਵਿਚ ਬਿਤਾਉਣ ਵਾਲੇ ਸਿੱਖ ਨੌਜਵਾਨਾਂ ਦੇ ਕੇਸਾਂ ਨੂੰ ਵਿਚਾਰਿਆ ਤੱਕ ਨਹੀਂ ਜਾ ਰਿਹਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਆਦੇਸ਼ ਅਨੁਸਾਰ 14 ਜੁਲਾਈ ਨੂੰ ਸਤਲੁਜ ਦਰਿਆ ਦੇ ਕੰਢੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੀਤੇ ਜਾ ਰਹੇ ਅਰਦਾਸ ਸਮਾਗਮ ਸਮੇਂ ਸੰਗਤਾਂ ਨੂੰ ਪੁੱਜਣ ਦੀ ਅਪੀਲ ਵੀ ਕੀਤੀ। ਉਨ੍ਹਾਂ ਫਿਲਮ ‘ਸਤਲੁਜ’ ਉੱਤੇ ਲਗਾਈ ਗਈ ਪਾਬੰਦੀ ਤੁਰੰਤ ਹਟਾ ਕੇ ਇਸ ਨੂੰ ਮੁੜ ਰਿਲੀਜ਼ ਕਰਨ ਦੀ ਮੰਗ ਕੀਤੀ। ਇਸ ਦੌਰਾਨ ਅੰਮ੍ਰਿਤਸਰ ਦੀ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਸਮੂਹ ਮੁਲਾਜ਼ਮ ਮੌਜੂਦ ਸਨ।
← Back to News