World News
Published: 13 Jul 2026
ਫਿਲਮ ਉੱਤੇ ਪਾਬੰਦੀ ਦੀ ਤੁਕ ਨਹੀਂ ਬਣਦੀ: ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ ਜਦੋਂ ‘ਕੇਰਲਾ ਸਟੋਰੀ’ ਤੇ ‘ਕਸ਼ਮੀਰ ਫਾਈਲਜ਼’ ਜਿਹੀਆਂ ਫਿਲਮਾਂ ਦਿਖਾਈਆਂ ਜਾ ਸਕਦੀਆਂ ਹਨ ਤਾਂ ਸਤਲੁਜ ਕਿਉਂ ਨਹੀਂ ਚੱਲ ਸਕਦੀ। ਉਨ੍ਹਾਂ ਕਿਹਾ ਕਿ ਸਤਲੁਜ ਫਿਲਮ ਦੀ ਕਹਾਣੀ ਵਿੱਚ ਸਿੱਖ ਨੌਜਵਾਨਾਂ ’ਤੇ ਜ਼ੁਲਮ ਨੂੰ ਦਿਖਾਇਆ ਗਿਆ ਹੈ, ਜਿਸ ਕਾਰਨ ਇਹ ਹੁਣ ਕੁਝ ਰਾਜਨੀਤਕ ਨੇਤਾਵਾਂ ਨੂੰ ਚੁਭਣ ਲੱਗੀ ਹੈ ਪਰ ਜਦੋਂ ਫ਼ੈਸਲਾ ਲੋਕਾਂ ਦੀ ਕਚਹਿਰੀ ਵਿੱਚ ਆ ਜਾਵੇ ਤਾਂ ਜਿੱਤ ਸੱਚ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਉੱਪਰੋਂ ਪਾਬੰਦੀ ਹਟ ਕੇ ਰਹੇਗੀ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸਤਲੁਜ ਫਿਲਮ ਦਾ ਵਿਰੋਧ ਕਰਨ ’ਤੇ ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਸਿੱਖ ਨੌਜਵਾਨਾਂ, ਬੀਬੀਆਂ, ਭੈਣਾਂ, ਮਾਵਾਂ ਅਤੇ ਬੇਕਸੂਰ ਬੱਚਿਆਂ ਦੇ ਕਤਲੇਆਮ ਦੀ ਸੱਚਾਈ ਸਾਹਮਣੇ ਲਿਆਂਦੀ ਸੀ ਜਿਸ ਕਾਰਨ ਕਤਲ ਹੋਏ ਬੇਗੁਨਾਹ ਸਿੱਖਾਂ ਨੂੰ ਇਨਸਾਫ਼ ਮਿਲ ਸਕਿਆ। ਉਨ੍ਹਾਂ ਕਿਹਾ ਕਿ ਸ੍ਰੀ ਬਿੱਟੂ ਨੂੰ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਐੱਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਰਪੰਚ ਗਮਦੂਰ ਸਿੰਘ, ਪੰਮਾ ਬਾਠ, ਸੁਖਪਾਲ ਸ਼ਰਮਾ ਰਾਮਪਾਲ ਸਿੰਘ ਬੈਨੀਪਾਲ, ਮਲਕੀਤ ਸਿੰਘ ਚੰਗਾਲ ਅਤੇ ਹੋਰ ਆਗੂ ਹਾਜ਼ਰ ਸਨ।
← Back to News