World News
Published: 16 Jul 2026
ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਸੰਘਰਸ਼ ਤੇਜ਼
ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾਣ ਵਾਲੇ ਕਰ ਮੁਕਤ ਵਪਾਰ ਸਮਝੌਤਿਆਂ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਵਧਦਾ ਜਾ ਰਿਹਾ ਹੈ। ਦੇਸ਼ ਬਚਾਓ ਮੋਰਚਾ ਦੇ ਸੱਦੇ ’ਤੇ ਸੈਂਕੜੇ ਕਿਸਾਨ ਜਥੇਬੰਦੀਆਂ ਵੱਲੋਂ ਮੁਲਕ ਦੇ ਦਰਜਨਾਂ ਸੂਬਿਆਂ ’ਚ ਮੋਟਰਸਾਈਕਲ ਮਾਰਚ ਕੱਢੇ ਗਏ। ਇਹ ਮੋਟਰਸਾਈਕਲ ਮਾਰਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਉਡੀਸਾ ਸਮੇਤ ਕਈ ਹੋਰ ਸੂਬਿਆਂ ਵਿੱਚ ਕੱਢੇ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਛੋਟੇ ਵਪਾਰੀਆਂ ਵੱਲੋਂ ਹਿੱਸਾ ਲਿਆ ਗਿਆ। ਦੇਸ਼ ਬਚਾਓ ਮੋਰਚਾ ਦੇ ਸੱਦੇ ’ਤੇ ਪੰਜਾਬ ਵਿੱਚ ਵੀ ਦਰਜਨਾਂ ਕਿਸਾਨ ਜਥੇਬੰਦੀਆਂ ਵੱਲੋਂ ਮੋਟਰਸਾਈਕਲ ਮਾਰਚ ਕੱਢੇ ਗਏ। ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ), ਆਜ਼ਾਦ ਕਿਸਾਨ ਮੋਰਚਾ, ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਅਤੇ ਬੀ ਕੇ ਯੂ ਬੋਗ ਸਿੰਘ ਮਾਨਸਾ ਵਾਲੀ ਜਥੇਬੰਦੀ ਸਣੇ ਦਰਜਨਾਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਮੋਟਰਸਾਈਕਲ ਮਾਰਚ ਦੌਰਾਨ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, ਗੁਰਨਾਮ ਸਿੰਘ ਚੜੂਨੀ, ਵੀ ਐੱਮ ਸਿੰਘ, ਪ੍ਰਕਾਸ਼ ਵੋਹਰਾ ਅਤੇ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਖੇਤੀਬਾੜੀ, ਡੇਅਰੀ ਉਦਯੋਗ, ਡਿਜੀਟਲ ਵਪਾਰ, ਸੇਵਾਵਾਂ, ਬੌਧਿਕ ਸੰਪਦਾ ਅਧਿਕਾਰ, ਊਰਜਾ, ਨਿਵੇਸ਼ ਅਤੇ ਬਾਜ਼ਾਰ ਪਹੁੰਚ ਜਿਹੇ ਕਈ ਅਹਿਮ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਆਗੂਆਂ ਨੇ ਕਿਹਾ ਕਿ ਹੁਣ ਤੱਕ ਇਸ ਸਮਝੌਤੇ ਦੇ ਪੂਰੇ ਦਸਤਾਵੇਜ਼ ਜਨਤਕ ਨਹੀਂ ਕੀਤੇ ਗਏ ਹਨ, ਜਿਸ ਕਾਰਨ ਵੱਖ-ਵੱਖ ਵਰਗ ਚਿੰਤਤ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਲਘੂ ਉਦਯੋਗਾਂ ਅਤੇ ਦੇਸ਼ ਦੀ ਆਰਥਿਕ ਤੇ ਖ਼ੁਰਾਕ ਸੁਰੱਖਿਆ ਦੇ ਹਿੱਤਾਂ ਦੀ ਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਨੂੰ ਰੱਦ ਕੀਤਾ ਜਾਵੇ।
← Back to News