World News
Published: 20 Jul 2026
ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਦਿੱਲੀ ਕੂਚ ਕਰਨਗੇ ਕਿਸਾਨ
ਭਾਰਤ-ਅਮਰੀਕਾ ਵਪਾਰ ਸਮਝੌਤੇ ਸਮੇਤ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ 'ਦੇਸ਼ ਬਚਾਓ ਮੋਰਚਾ' ਵੱਲੋਂ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ 'ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਪੰਜਾਬ ਦੇ ਕਿਸਾਨ ਅੱਜ 20 ਜੁਲਾਈ ਨੂੰ ਦਿੱਲੀ ਵੱਲ ਕੂਚ ਕਰਨਗੇ। ਇਸ ਮੌਕੇ 'ਦੇਸ਼ ਬਚਾਓ ਮੋਰਚਾ' ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਸੈਂਕੜੇ ਬੱਸਾਂ ਦਾ ਕਾਫ਼ਲਾ ਦੁਪਹਿਰ ਨੂੰ ਦਿੱਲੀ ਵੱਲ ਰਵਾਨਾ ਹੋਵੇਗਾ, ਜਿਨ੍ਹਾਂ ਵੱਲੋਂ ਭਲਕੇ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ 'ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਵਾਜ਼ ਚੁੱਕੀ ਜਾਵੇਗੀ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਸਥਿਤ ਕਿਸਾਨ ਘਾਟ 'ਤੇ ਇੱਕ ਦਿਨਾਂ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰਫ਼ ਕਿਸਾਨੀ ਲਈ ਹੀ ਨਹੀਂ, ਬਲਕਿ ਛੋਟੇ ਵਪਾਰੀਆਂ ਅਤੇ ਹੋਰ ਕਾਰੋਬਾਰਾਂ ਲਈ ਵੀ ਘਾਤਕ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਹ ਸਮਝੌਤਾ ਤੁਰੰਤ ਰੱਦ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਵਿੱਚ ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਇਨ੍ਹਾਂ ਦੋਵਾਂ ਬਿੱਲਾਂ ਦਾ ਵੀ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨ ਵਿਰੋਧੀ ਫ਼ੈਸਲੇ ਲੈਣੇ ਬੰਦ ਕਰੇ।
← Back to News