ਪੰਜਾਬ ਤੇ ਪੰਥ ਦੇ ਹੱਕ ਵਿੱਚ ਖੜ੍ਹਨ ਲੋਕ: ਹਰਪ੍ਰੀਤ ਸਿੰਘ

ਇੱਥੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਹਲਕਾ ਪੱਧਰੀ ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਵਕਤ ਹੈ ਕਿ ਸੂਬੇ ਦੇ ਲੋਕ ਪੰਥ ਅਤੇ ਪੰਜਾਬ ਦੇ ਹੱਕ ’ਚ ਖੜ੍ਹਨ ਅਤੇ ਦਿੱਲੀ ਦੇ ਲੁਟੇਰਿਆਂ ਨੂੰ ਬਾਹਰ ਦਾ ਰਾਹ ਦਿਖਾਉਣ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ’ਤੇ ਭੀੜ ਪਈ ਹੈ, ਤਾਂ ਪੰਜਾਬੀਆਂ ਨੇ ਹੀ ਹਮੇਸ਼ਾ ਆਪਣਿਆਂ ਦਾ ਸਾਥ ਦਿੱਤਾ ਹੈ ਕਿਉਂਕਿ ਬਾਹਰਲੇ ਲੋਕ ਤਾਂ ਭੀੜ ਪੈਣ ’ਤੇ ਭੱਜ ਜਾਂਦੇ ਹਨ। ਇਸ ਲਈ ਸੂਬੇ ’ਚ ਰਾਜ ਕਰਨ ਦਾ ਹੱਕ ਵੀ ਪੰਜਾਬੀਆਂ ਨੂੰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ ਪੰਜਾਬ ਦਾ ਸਰਮਾਇਆ ਲੁੱਟ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ। ਇਸ ਲਈ ਭਗਵੰਤ ਮਾਨ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਜਲੰਧਰ ਫੇਰੀ ਦੌਰਾਨ ਪੰਜਾਬ ਨੂੰ ਭਾਜਪਾ ਹੀ ਸੰਭਾਲ ਸਕਦੀ ਹੈ, ਬਿਆਨ ਬਾਰੇ ਕਿਹਾ ਕਿ ਮੋਦੀ ਵੱਲੋਂ ਬਾਰ੍ਹਾਂ ਸਾਲਾਂ ’ਚ ਪੰਜਾਬ ਨੂੰ ਕਿਉਂ ਨਹੀਂ ਸੰਭਾਲਿਆ ਗਿਆ। ਇੱਥੋਂ ਤੱਕ ਕਿ ਬੀ ਬੀ ਐੱਮ ਬੀ, ਚੰਡੀਗੜ੍ਹ ਅਤੇ ਮਗਰੇਗਾ ਆਦਿ ਮੁੱਦਿਆਂ ’ਤੇ ਪੰਜਾਬ ਦੇ ਹੱਕ ਖੋਹਣ ਦੇ ਯਤਨ ਕੀਤੇ ਗਏ ਹਨ। ਜਦੋਂ ਉਨ੍ਹਾਂ ਨੂੰ ਭਾਜਪਾ ਨਾਲ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀਆਂ ’ਚ ਹਮੇਸ਼ਾ ਗੱਠਜੋੜ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰ ਭਾਜਪਾ ਨੂੰ ਗੱਠਜੋੜ ਤੋਂ ਪਹਿਲਾਂ ਪੰਜਾਬ ਅਤੇ ਪੰਥ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਨਾ ਪਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹਲਕਾ ਸੁਨਾਮ ਦਾ ਇੰਚਾਰਜ ਵੀ ਥਾਪਿਆ ਗਿਆ। ਰੈਲੀ ਨੂੰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬੈਹਣੀਵਾਲ ਨੇ ਵੀ ਸੰਬੋਧਿਨ ਕੀਤਾ ਜਦੋਂ ਮੰਚ ਸੰਚਾਲਨ ਪ੍ਰਿਤਪਾਲ ਸਿੰਘ ਹਾਂਡਾ ਵਲੋਂ ਕੀਤਾ ਗਿਆ।
← Back to News