ਨਵੇਂ ਕਿਸਾਨ ਅੰਦੋਲਨ ਦਾ ਧੂੰਆਂ ਉੱਠਣ ਲੱਗਿਆ

ਭਾਰਤ ਅਮਰੀਕਾ ਵਪਾਰ ਸਮਝੌਤੇ ਕਾਰਨ ਮੁੜ ਨਵੇਂ ਕਿਸਾਨ ਅੰਦੋਲਨ ਦਾ ਧੂੰਆਂ ਉੱਠਣ ਲੱਗਿਆ ਹੈ। ਅੱਜ ਦਿੱਲੀ ਵੱਲ ਕੂਚ ਕਰਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਰੋਕਣ ਲਈ ਪ੍ਰਸ਼ਾਸਨ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ਨੇ 2020-21 ਦਾ ਕਿਸਾਨ ਅੰਦੋਲਨ ਚੇਤਾ ਕਰਵਾ ਦਿੱਤਾ ਹੈ। ਕਿਸਾਨਾਂ ਅਨੁਸਾਰ ਇਹ ਸਮਝੌਤਾ ਖੇਤੀ ਅਰਥਚਾਰੇ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ। ਸੰਯੁਕਤ ਕਿਸਾਨ ਮੋਰਚੇ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਅੱਜ ਦਿੱਲੀ ਵਿੱਚ ਇੱਕ ਰੋਜ਼ਾ ਧਰਨਾ ਦੇਣ ਜਾਣਾ ਸੀ ਪਰ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਕੇ ਅਤੇ ਹਿਰਾਸਤ ਵਿਚ ਲੈ ਕੇ ਇਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਬੇਸ਼ੱਕ ਪੰਜਾਬ ਦੀ ਆਮ ਕਿਸਾਨੀ ਫ਼ਿਲਹਾਲ ਤਜਵੀਜ਼ਤ ਵਪਾਰ ਸਮਝੌਤੇ ਦੇ ਪੈਣ ਵਾਲੇ ਪ੍ਰਭਾਵ ਤੋਂ ਬਹੁਤੀ ਸੁਚੇਤ ਨਹੀਂ ਪਰ ਅੱਜ ਰੋਕਾਂ ਖੜ੍ਹੇ ਜਾਣ ਮਗਰੋਂ ਆਮ ਕਿਸਾਨਾਂ ’ਚ ਵੀ ਹਿਲਜੁਲ ਹੋਈ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਮੁੱਦੇ ਉੱਤੇ ਬਾਕੀ ਸੂਬਿਆਂ ਨਾਲੋਂ ਵਧੇਰੇ ਸਰਗਰਮ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਚੰਡੀਗੜ੍ਹ ’ਚ 10 ਜੁਲਾਈ ਨੂੰ ਇਸ ਸਮਝੌਤੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦਾ ਵੱਖਰਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੀ ਇਸ ਸਮਝੌਤੇ ਖ਼ਿਲਾਫ਼ ਮੈਦਾਨ ਵਿੱਚ ਨਿੱਤਰ ਆਈ ਹੈ। ਕਿਸਾਨ ਆਗੂਆਂ ਅਨੁਸਾਰ ਜੇ ਸਮਝੌਤਾ ਲਾਗੂ ਹੋ ਗਿਆ ਤਾਂ ਭਾਰਤੀ ਕਿਸਾਨਾਂ ਨੂੰ ਅਮਰੀਕੀ ਕਿਸਾਨਾਂ ਦਾ ਮੁਕਾਬਲਾ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਅਨੁਸਾਰ ਅਮਰੀਕਾ ਵਿੱਚ ਖੇਤੀ ਜੋਤਾਂ ਵੱਡੀਆਂ ਹਨ, ਮਸ਼ੀਨਰੀ ਜ਼ਿਆਦਾ ਹੈ ਅਤੇ ਸਰਕਾਰ ਵੱਲੋਂ ਸਬਸਿਡੀ ਵੀ ਕਾਫੀ ਦਿੱਤੀ ਜਾਂਦੀ ਹੈ। ਇਸ ਦੇ ਉਲਟ ਪੰਜਾਬ ਵਿੱਚ ਛੋਟੀ ਅਤੇ ਦਰਮਿਆਨੀ ਕਿਸਾਨੀ ਜ਼ਿਆਦਾ ਹੈ। ਵਪਾਰ ਸਮਝੌਤਾ ਲਾਗੂ ਹੋਣ ਨਾਲ ਭਾਰਤੀ ਬਾਜ਼ਾਰ ’ਚ ਅਮਰੀਕਾ ਦੇ ਸਸਤੇ ਖੇਤੀ ਉਤਪਾਦ ਆਉਣਗੇ, ਜਿਨ੍ਹਾਂ ਦਾ ਮੁਕਾਬਲਾ ਭਾਰਤੀ ਕਿਸਾਨ ਨਹੀਂ ਕਰ ਸਕੇਗਾ। ਬਠਿੰਡਾ ਦੇ ਪਿੰਡ ਮਾੜੀ ਦੇ ਕਿਸਾਨ ਧਰਮ ਸਿੰਘ ਮਾਨ ਨੇ ਕਿਹਾ ਕਿ ਇਸ ਵਪਾਰ ਸਮਝੌਤੇ ਦਾ ਅਸਰ ਭਾਰਤੀ ਖੇਤੀ ’ਤੇ ਪਵੇਗਾ ਅਤੇ ਕਿਸਾਨਾਂ ਦੀਆਂ ਫ਼ਸਲੀ ਕੀਮਤਾਂ ਪ੍ਰਭਾਵਿਤ ਹੋਣਗੀਆਂ। ਖੇਤੀ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਮੁੱਢਲਾ ਤੇ ਤੁਰੰਤ ਅਸਰ ਚੌਲਾਂ, ਮੀਟ ਅਤੇ ਡੇਅਰੀ ਉਤਪਾਦਾਂ ’ਤੇ ਪਵੇਗਾ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਨੁਸਾਰ ਵਪਾਰ ਸਮਝੌਤੇ ਕਾਰਨ ਦੁੱਧ ਦੀਆਂ ਕੀਮਤਾਂ ਨੂੰ ਸੱਟ ਵੱਜੇਗੀ ਅਤੇ ਸਹਾਇਕ ਧੰਦਾ ਡੇਅਰੀ ਵੀ ਠੱਪ ਹੋ ਜਾਵੇਗਾ। ਪੰਜਾਬ ’ਚ ਡੇਅਰੀ ਦੇ ਕੰਮ ’ਚ ਵੱਡੀ ਹਿੱਸੇਦਾਰੀ ਪੇਂਡੂ ਔਰਤਾਂ ਦੀ ਵੀ ਹੈ. ਜਿਨ੍ਹਾਂ ਦਾ ਰੁਜ਼ਗਾਰ ਖੁੱਸ ਜਾਵੇਗਾ। ਜ਼ਿਕਰਯੋਗ ਹੈ ਕਿ ਕਣਕ ਅਤੇ ਝੋਨੇ ਦੀ ਖਰੀਦ ਤੋਂ ਪੰਜਾਬ ਨੂੰ ਸਾਲਾਨਾ ਕਰੀਬ 73 ਹਜ਼ਾਰ ਕਰੋੜ ਰੁਪਏ ਆਉਂਦੇ ਹਨ, ਜਿਸ ਨਾਲ ਸੂਬੇ ਦੀ ਆਰਥਿਕਤਾ ਚੱਲਦੀ ਹੈ।
← Back to News