World News
Published: 10 Aug 2026
ਮਲੇਸ਼ੀਆ ਦੇ ਉਪ ਮੁੱਖ ਮੰਤਰੀ ਵੱਲੋਂ ਗੜਗੱਜ ਨਾਲ ਮੁਲਾਕਾਤ
ਮਲੇਸ਼ੀਆ ਦੇ ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠਲੇ ਉੱਚ ਪੱਧਰੀ ਵਫ਼ਦ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ’ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ, ਸਿੱਖ ਵਿਰਾਸਤ ਅਤੇ ਮਲੇਸ਼ੀਆ ਦੇ ਸਿੱਖਾਂ ਤੇ ਪੰਜਾਬ ਦੀਆਂ ਇਤਿਹਾਸਕ ਸਿੱਖ ਸੰਸਥਾਵਾਂ ਵਿਚਕਾਰ ਸੱਭਿਆਚਾਰਕ ਅਤੇ ਧਾਰਮਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਫ਼ਦ ਵਿੱਚ ਪ੍ਰੋ. ਡਾ. ਬੀ ਐੱਸ ਬੈਂਸ, ਇਤਿਹਾਸਕਾਰ ਸਿਮਰ ਸਿੰਘ, ਅਕਸ਼ੈ ਸਿੰਘ ਦਿਓ, ਆਰੀਅਨ ਮੈਨਨ, ਡਾ. ਸੁਖਜੋਤ ਸਿੰਘ ਅਤੇ ਸਨੀ ਖਹਿਰਾ ਸ਼ਾਮਲ ਸਨ। ਜਗਦੀਪ ਸਿੰਘ ਦਿਓ ਨੇ ਅਕਾਲ ਤਖ਼ਤ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਸਿੱਖ ਧਰਮ ਅਤੇ ਕਦਰਾਂ-ਕੀਮਤਾਂ ਦੇ ਵਿਸ਼ਵ ਪੱਧਰ ’ਤੇ ਪ੍ਰਚਾਰ ਲਈ ਜਥੇਦਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮਲੇਸ਼ੀਆ ਵਿੱਚ ਸਿੱਖਾਂ ਦੀ ਆਮਦ ਸਭ ਤੋਂ ਪਹਿਲਾਂ ਪੇਨਾਂਗ ਸੂਬੇ ਵਿੱਚ ਹੋਈ ਸੀ ਅਤੇ ਇੱਥੇ ਸਥਿਤ ਇਤਿਹਾਸਕ ਵੱਡੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਤੇ ਸੰਭਾਲ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਤੰਬਰ ਵਿੱਚ ਹੋਣ ਵਾਲੇ ਪ੍ਰਸਤਾਵਿਤ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮਲੇਸ਼ੀਆਈ ਵਫ਼ਦ ਦੀ ਸਿੱਖ ਵਿਰਾਸਤ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਕਦਰਾਂ-ਕੀਮਤਾਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਜਗਦੀਪ ਸਿੰਘ ਦਿਓ ਨੂੰ ਆਪਣੇ ਮੂਲ ਪੰਜਾਬ ਅਤੇ ਆਨੰਦਪੁਰ ਸਾਹਿਬ ਨਾਲ ਹਮੇਸ਼ਾ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
← Back to News