World News
Published: 13 Aug 2026
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ‘ਵਾਰਿਸ ਪੰਜਾਬ ਦੇ’ ਨੂੰ ਗਠਜੋੜ ਦੀ ਨਵੀਂ ਪੇਸ਼ਕਸ਼
2027 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇੱਕ ਵਾਰ ਮੁੜ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਆਪਸੀ ਗਠਜੋੜ ਵਾਸਤੇ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਜਥੇਬੰਦੀਆਂ ਵਿਚਾਲੇ ਆਪਸੀ ਗਠਜੋੜ ਵਾਸਤੇ ਇੱਕ ਕਮੇਟੀ ਬਣੀ ਸੀ, ਪਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਸੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨੇੜਲੇ ਸੂਤਰਾਂ ਮੁਤਾਬਕ ਇਹ ਪੇਸ਼ਕਸ਼ ਪਾਰਟੀ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਗਈ ਇੱਕ ਰੈਲੀ ਦੌਰਾਨ ਕੀਤੀ ਗਈ ਸੀ। ਇਸ ਰੈਲੀ ਵਿੱਚ ਪੁਨਰ ਸੁਰਜੀਤ ਜਥੇਬੰਦੀ ਨਾਲ ਸਬੰਧਿਤ ਹੋਰ ਵੀ ਕਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਸਾਬਕਾ ਜਥੇਦਾਰ ਵੱਲੋਂ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਗਠਜੋੜ ਲਈ ਇੱਕ ਨਵਾਂ ਫਾਰਮੂਲਾ ਦਿੱਤਾ ਗਿਆ। ਇਸ ਫਾਰਮੂਲੇ ਵਿੱਚ 40 ਸੀਟਾਂ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਅਤੇ 40 ਸੀਟਾਂ ਪੁਨਰ ਸੁਰਜੀਤ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਕੋਲ ਰਹਿਣਗੀਆਂ, ਜਦੋਂ ਕਿ 35 ਸੀਟਾਂ ਸ਼ਹੀਦ ਪਰਿਵਾਰਾਂ ਨੂੰ ਚੋਣ ਲੜਨ ਵਾਸਤੇ ਦੇਣ ਲਈ ਰੱਖੀਆਂ ਜਾਣਗੀਆਂ। ਇਸ ਫਾਰਮੂਲੇ ਤਹਿਤ ਇਹ ਵੀ ਪੇਸ਼ਕਸ਼ ਕੀਤੀ ਗਈ ਸੀ ਕਿ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ, ਜਿਸ ਵਿੱਚ ਤਿੰਨ ਮੈਂਬਰ 'ਵਾਰਿਸ ਪੰਜਾਬ ਦੇ' ਅਤੇ ਤਿੰਨ ਮੈਂਬਰ 'ਪੁਨਰ ਸੁਰਜੀਤ' ਜਥੇਬੰਦੀ ਦੇ ਹੋਣਗੇ ਅਤੇ ਇੱਕ ਮੈਂਬਰ ਕੋਈ ਸਾਂਝਾ ਲਿਆ ਜਾਵੇਗਾ। ਇਹ ਸੱਤ ਮੈਂਬਰੀ ਕਮੇਟੀ ਪੰਜਾਬ ਦੇ ਹਰੇਕ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਦਾ ਦੌਰਾ ਕਰੇਗੀ। ਜੇਕਰ ਕਿਸੇ ਵੀ ਹਲਕੇ ਵਿੱਚ ਦੋਵਾਂ ਧਿਰਾਂ ਵਿੱਚੋਂ ਕਿਸੇ ਦਾ ਵੀ ਕੋਈ ਮਜ਼ਬੂਤ ਆਧਾਰ ਵਾਲਾ ਉਮੀਦਵਾਰ ਹੈ, ਤਾਂ ਟਿਕਟ ਉਸ ਨੂੰ ਸੌਂਪ ਦਿੱਤੀ ਜਾਵੇਗੀ।
← Back to News