World News
Published: 15 Sep 2026
ਪਾਵਰਕੌਮ ਦਫ਼ਤਰ ਘੇਰਨ ’ਤੇ ਕਾਂਗਰਸੀਆਂ ’ਤੇ ਪਾਣੀ ਦੀਆਂ ਬੁਛਾੜਾਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਕਾਂਗਰਸੀ ਵਰਕਰਾਂ ਨੇ ਸੂਬੇ ਵਿੱਚ ਬਿਜਲੀ ਸੰਕਟ ਕਾਰਨ ‘ਆਪ’ ਸਰਕਾਰ ਵਿਰੁੱਧ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਘਿਰਾਓ ਕਰ ਕੇ ਧਰਨਾ ਦਿੱਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ ਵੀ ਹੋਈ, ਜਿਸ ’ਚ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ। ਰਾਜਾ ਵੜਿੰਗ ਸਮੇਤ ਸੈਂਕੜੇ ਕਾਂਗਰਸੀ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਪੁਲੀਸ ਨੇ ਸ਼ਹਿਰ ਤੋਂ ਦੂਰ ਆਲ-ਦੁਆਲੇ ਛੱਡਿਆ। ਅੱਜ ਸਵੇਰੇ ਇੱਥੇ ਮਾਲ ਰੋਡ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਦੇ ਕਾਂਗਰਸੀ ਵਰਕਰ ਇਕੱਠੇ ਹੋਣ ਲੱਗੇ ਤੇ ਦੁਪਹਿਰ ਤੱਕ ਮਾਲ ਰੋਡ ਪੂਰੀ ਤਰ੍ਹਾਂ ਜਾਮ ਹੋ ਗਈ। ਇਸ ਮਗਰੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਆਗੂ ਤੇ ਵਰਕਰ ਪਾਵਰਕੌਮ ਦੇ ਦਫ਼ਤਰ ਦੇ ਮੁੱਖ ਗੇਟ ਵਾਲੇ ਪਾਸੇ ਮਾਰਚ ਕਰਨ ਲੱਗੇ ਤਾਂ ਪੁਲੀਸ ਨੇ ਬੈਰੀਕੇਡਿੰਗ ਲਾ ਕੇ ਉਨ੍ਹਾਂ ਨੂੰ ਰੋਕ ਲਿਆ, ਜਦੋਂ ਰਾਜਾ ਵੜਿੰਗ ਬੈਰੀਕੇਡ ਤੋੜ ਕੇ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਪਾਣੀ ਦੀਆਂ ਬੁਛਾਂੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦਿਆਂ ਕਾਂਗਰਸੀ ਆਗੂਆਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ ਵਿੱਚ ਕਈ ਆਗੂਆਂ ਦੇ ਗੁੱਝੀਆਂ ਸੱਟਾਂ ਲੱਗੀਆਂ ਜਦ ਕਿ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਧਰਨੇ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਚ ਬਿਜਲੀ ਸੰਕਟ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਜ਼ਿੰਮੇਵਾਰ ਹਨ। ਪਾਵਰਕੌਮ ਦਾ ਸੀ ਐੱਮ ਡੀ ਮੁੱਖ ਦਫ਼ਤਰ ’ਚ ਨਹੀਂ ਆਉਂਦਾ। ਬਿਜਲੀ ਸੰਕਟ ਨੂੰ ਕੋਲੇ ਦੀ ਘਾਟ ਦਾ ਨਾਂ ਦੇਣਾ ਬਿਲਕੁਲ ਗ਼ਲਤ ਹੈ। ਪੰਜਾਬ ਕੋਲ ਆਪਣੀ ਕੋਲਾ ਖਾਣ ਹੈ ਅਤੇ ਇੱਥੇ ਕੋਲੇ ਦੀ ਕੋਈ ਕਮੀ ਨਹੀਂ ਹੈ। ਪਾਵਰਕੌਮ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਬਿਜਲੀ ਕੁਝ ਸਾਲ ਪਹਿਲਾਂ ਤੱਕ 5 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ, ਹੁਣ 8.10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ। ਵੜਿੰਗ ਨੇ ਖੇਤੀਬਾੜੀ ਖੇਤਰ ਅਤੇ ਮੁਫ਼ਤ ਬਿਜਲੀ ਲਈ ਸਰਕਾਰ ਵੱਲੋਂ ਪਾਵਰਕੌਮ ਨੂੰ ਦਿੱਤੀ ਜਾਣ ਵਾਲੀ 22,000 ਕਰੋੜ ਰੁਪਏ ਦੀ ਸਬਸਿਡੀ ’ਚੋਂ 7,000 ਕਰੋੜ ਰੁਪਏ ਗਾਇਬ ਹੋਣ ਦਾ ਮਾਮਲਾ ਵੀ ਚੁੱਕਿਆ। ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ, ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਿਮਰਨਜੀਤ ਸਿੰਘ ਬੈਂਸ, ਕਾਕਾ ਰਾਜਿੰਦਰ ਸਿੰਘ, ਕੁਲਜੀਤ ਨਾਗਰਾ ਆਦਿ ਹਾਜ਼ਰ ਸਨ।
← Back to News