World News
Published: 16 Sep 2026
ਐਂਗਲੋ-ਸਿੱਖ ਯੁੱਧ ਅਜਾਇਬਘਰ ਦਾ ਉਦਘਾਟਨ
ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਫ਼ਿਰੋਜ਼ਸ਼ਾਹ ਵਿੱਚ ਐਂਗਲੋ-ਸਿੱਖ ਯੁੱਧ ਅਜਾਇਬਘਰ ਦਾ ਉਦਘਾਟਨ ਕੀਤਾ ਗਿਆ, ਜਿਸ ਦਾ ਹਾਲ ਹੀ ’ਚ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਧਰਤੀ ਸਿੱਖ ਫ਼ੌਜ ਦੀ ਅਦੁੱਤੀ ਬਹਾਦਰੀ, ਸੂਰਬੀਰਤਾ ਅਤੇ ਕੁਰਬਾਨੀਆਂ ਦੀ ਗਵਾਹ ਹੈ। ਅਜਾਇਬਘਰ 1845-46 ਈਸਵੀ ਅਤੇ 1848-49 ਈਸਵੀ ਦੇ ਐਂਗਲੋ-ਸਿੱਖ ਜੰਗਾਂ ਵਿੱਚ ਲੜਨ ਵਾਲੇ ਸੂਰਬੀਰਾਂ ਦੀ ਯਾਦ ਨੂੰ ਸਮਰਪਿਤ ਹੈ। ਵਿਧਾਇਕ ਰਜਨੀਸ਼ ਕੁਮਾਰ ਦਹੀਆ, ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਘੋਗਾ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ। ਸ੍ਰੀ ਸੌਂਦ ਨੇ ਕਿਹਾ ਕਿ ਸਮਾਰਕ ਦੀ ਸਥਾਪਨਾ ਦੇ 50 ਸਾਲਾਂ ਬਾਅਦ ਪੰਜਾਬ ਸਰਕਾਰ ਵੱਲੋਂ ਕਰੀਬ 10 ਕਰੋੜ ਨਾਲ ਇਸ ਦਾ ਨਵੀਨੀਕਰਨ ਕੀਤਾ ਗਿਆ ਹੈ। ਨਵੀਂ ਪੇਸ਼ਕਾਰੀ ਜੀਵਤ ਇਤਿਹਾਸਕ ਯਾਤਰਾ ਦਾ ਅਨੁਭਵ ਕਰਵਾਏਗੀ, ਜਿਸ ਵਿੱਚ ਕਲਾ, ਰੌਸ਼ਨੀ, ਆਵਾਜ਼ ਅਤੇ ਡਿਜੀਟਲ ਤਕਨਾਲੋਜੀ ਦਾ ਸੁਮੇਲ ਹੈ। ਚਿੱਤਰਕਾਰ ਕਿਰਪਾਲ ਸਿੰਘ ਦੇ ਚਾਰ ਇਤਿਹਾਸਕ ਚਿੱਤਰ ਵੀ ਇਸ ਅਜਾਇਬਘਰ ਦੀ ਕੀਮਤੀ ਕਲਾਤਮਕ ਵਿਰਾਸਤ ਹਨ। ਪੰਜਾਬੀ ਦੇ ਸ਼ਾਹਕਾਰ ਕਵੀ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਤੋਂ ਇਲਾਵਾ ‘ਹਿਸਟਰੀ ਆਫ਼ ਦਿ ਸਿੱਖਜ਼’ ਜਿਹੇ ਇਤਿਹਾਸਕ ਹਵਾਲਿਆਂ ਨੂੰ ਵੀ ਅਜਾਇਬਘਰ ਦਾ ਹਿੱਸਾ ਬਣਾਇਆ ਗਿਆ ਹੈ।
← Back to News