ਅਕਾਲੀ ਦਲ ਦੇ ਹੱਕ ’ਚ ਹਨੇਰੀ ਚੱਲਣ ਲੱਗੀ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਹੱਕ ਵਿੱਚ ਹਨੇਰੀ ਚੱਲਣੀ ਸ਼ੁਰੂ ਹੋ ਗਈ ਹੈ ਅਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਲਈ ਸਾਥ ਦੇਣਗੇ। ਉਹ ਅੱਜ ਸਰਹਿੰਦ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵੱਲੋਂ ਕਰਵਾਈ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਬਲਜੀਤ ਸਿੰਘ ਭੁੱਟਾ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਵੀ ਐਲਾਨਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਪਛਾਣ ਜ਼ਰੂਰ ਕਰਨ ਕਿ ਕਿਹੜੀ ਪਾਰਟੀ ਉਨ੍ਹਾਂ ਦੀ ਆਪਣੀ ਹੈ ਅਤੇ ਕਿਹੜੀ ਏਜੰਸੀਆਂ ਦੀ ਕਠਪੁਤਲੀ ਹੈ। ‘ਵਾਰਿਸ ਪੰਜਾਬ’ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ’ਤੇ ਹਮਲਾ ਕਰਦਿਆਂ ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ, ਜਿਸ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਵੇ। ਜਬਰ-ਜਨਾਹ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਲੈ ਕੇ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਗੈਂਗਸਟਰਾਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਾਂਗਰਸ ਅਤੇ ‘ਆਪ’ ਸਰਕਾਰ ’ਤੇ ਬੇਅਦਬੀ ਮਾਮਲੇ ’ਤੇ ਹਮੇਸ਼ਾ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਸੂਬੇ ਵਿੱਚ ਬਿਜਲੀ ਕੱਟਾਂ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਲੋਕਾਂ ਨੂੰ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਇੰਚਾਰਜ ਦਰਬਾਰਾ ਸਿੰਘ ਗੁਰੂ ਹਾਜ਼ਰ ਸਨ।
← Back to News