World News
Published: 20 Sep 2026
ਕਿਸਾਨ-ਮਜ਼ਦੂਰ ਏਕਤਾ ਰੈਲੀ ਨੇ ਕੇਂਦਰ ਸਰਕਾਰ ਨੂੰ ਘੇਰਿਆ
ਇੱਥੇ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿੱਚ ਹੋਈ ਕਿਸਾਨ-ਮਜ਼ਦੂਰ ਏਕਤਾ ਰੈਲੀ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਉਦਘਾਟਨੀ ਝੰਡਾ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਲਹਿਰਾਇਆ। ਰੈਲੀ ਦਾ ਮੁੱਖ ਨਾਅਰਾ- ਖੇਤ-ਖੇਤੀ-ਆਜ਼ਾਦੀ ਬਚਾਓ, ਕਾਰਪੋਰੇਟ ਲੁੱਟ ਦਾ ਰਾਜ ਮਿਟਾਉ ਸੀ। ਰੈਲੀ ਨੂੰ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੌਮੀ ਜਨਰਲ ਸਕੱਤਰ ਰਾਜਾ ਰਾਮ ਸਿੰਘ (ਮੈਂਬਰ ਲੋਕ ਸਭਾ), ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਆਲ ਇੰਡੀਆ ਐਗਰੀਕਲਚਰ ਐਂਡ ਰੂਰਲ ਲੇਬਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਧੀਰੇਂਦਰ ਝਾਅ, ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਤੇ ਸਾਬਕਾ ਵਿਧਾਇਕ ਡਾ. ਸੁਨੀਲਮ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਤੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ। ਰਾਜਾ ਰਾਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੈਨੇਜ਼ੁਏਲਾ ਉਤੇ ਕਬਜ਼ੇ, ਗਾਜ਼ਾ ਤੇ ਇਰਾਨ ਉਤੇ ਹਮਲੇ ਜ਼ਰੀਏ ਅਮਰੀਕੀ ਸਾਮਰਾਜ ਸੰਸਾਰ ਭਰ ਦੇ ਕੁਦਰਤੀ ਸਰੋਤਾਂ ਅਤੇ ਉਪਜਾਊ ਜ਼ਮੀਨਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਪੰਜਾਬ ਦੇ ਦੋ ਪ੍ਰਮੁੱਖ ਕਿਸਾਨ ਸੰਗਠਨਾਂ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਕਜੁੱਟ ਹੋਣ ਅਤੇ ਕੁੱਲ ਹਿੰਦ ਕਿਸਾਨ ਮਹਾਂ ਸਭਾ ਦਾ ਅੰਗ ਬਣਨ ਦੇ ਇਤਿਹਾਸਕ ਵਰਤਾਰੇ ਨਾਲ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਘੋਲ ਤੇ ਜਨ-ਅੰਦੋਲਨ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਤਾਨਾਸ਼ਾਹ, ਫ਼ਿਰਕੂ ਤੇ ਕਾਰਪੋਰੇਟ ਪੱਖੀ ਹੈ। ਇਸ ਮੌਕੇ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਵੀ ਸੰਬੋਧਨ ਕੀਤਾ। ਰੈਲੀ ਦਾ ਮੰਚ ਸੰਚਾਲਨ ਪ੍ਰਸ਼ੋਤਮ ਸ਼ਰਮਾ ਅਤੇ ਪ੍ਰਗਟ ਸਿੰਘ ਜਾਮਾਰਾਏ ਵਲੋਂ ਕੀਤਾ ਗਿਆ। ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਹਨ ਸਿੰਘ ਪਨੂੰ, ਆਰਾ ਹਲਕੇ ਤੋਂ ਲੋਕ ਸਭਾ ਮੈਂਬਰ ਸੁਦਾਮਾ ਪ੍ਰਸ਼ਾਦ, ਏਕਟੂ ਦੇ ਜਨਰਲ ਸਕੱਤਰ ਕਾਮਰੇਡ ਰਾਜੀਵ ਡਿਮਰੀ, ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਆਗੂ ਸਰਬਜੀਤ ਸਿੰਘ, ਪਗੜੀ ਸੰਭਾਲ ਜੱਟਾ ਯੂਨੀਅਨ ਹਰਿਆਣਾ ਦੇ ਪ੍ਰਧਾਨ ਮਨਦੀਪ ਸਿੰਘ ਨੱਥਵਾਨ, ਸਤਿਆ ਸੋਧਕ ਕਿਸਾਨ ਸਭਾ ਮਹਾਰਾਸ਼ਟਰ ਦੇ ਪ੍ਰਧਾਨ ਕਾਮਰੇਡ ਕਿਸ਼ੋਰ ਧਮਾਲੇ, ਰਾਜਸਥਾਨ ਦੇ ਉੱਘੇ ਕਿਸਾਨ ਆਗੂ ਫੂਲ ਚੰਦ ਢੇਵਾ, ਭਰਾਤਰੀ ਕਿਸਾਨ ਆਗੂਆਂ ਵਜੋਂ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਬਿਹਾਰ ਦੇ ਸਾਬਕਾ ਵਿਧਾਇਕ ਸਤਿਆ ਦੇਵ ਰਾਮ, ਰਤਨ ਸਿੰਘ ਰੰਧਾਵਾ, ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਹੋਰ ਹਾਜ਼ਰ ਸਨ।
← Back to News