World News
Published: 19 Oct 2026
ਨੌਂ ਪ੍ਰਮੁੱਖ ਮੰਗਾਂ ਸ਼ਾਮਲ ਕਰ ਐਕਸ਼ਨ ਕਮੇਟੀ ਵੱਲੋਂ ਅੱਜ ‘ਆਪ’ ਵਿਧਾਇਕਾਂ ਤੇ ਮੰਤਰੀਆਂ ਨੂੰ ਸੌਂਪਿਆ ਜਾਵੇਗਾ ‘ਲਾਹਣਤ ਪੱਤਰ’
ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿੱਢੇ ਅੰਦੋਲਨ ਦੀ ਅਗਵਾਈ ਕਰ ਰਹੀ ਐਕਸ਼ਨ ਕਮੇਟੀ ਨੇ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਦੇ ਦਰਮਿਆਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ‘ਲਾਹਣਤ ਪੱਤਰ’ ਸੌਂਪਣ ਦਾ ਸੱਦਾ ਦਿੱਤਾ ਹੈ। ਕਮੇਟੀ ਨੇ ਸਰਕਾਰ ਅਤੇ ਇਸ ਦੇ ਨੁਮਾਇੰਦਿਆਂ ਨੂੰ ਇਸ ਹੱਤਿਆ ’ਤੇ ਧਾਰੀ ਚੁੱਪ ਲਈ ਜਵਾਬਦੇਹ ਠਹਿਰਾਇਆ ਹੈ। ਐਕਸ਼ਨ ਕਮੇਟੀ ਨੇ ਪ੍ਰਦਰਸ਼ਨਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸੱਤਾਧਾਰੀ ਧਿਰ ਦੇ ਆਗੂਆਂ ਨਾਲ ਕਿਸੇ ਵੀ ਤਰ੍ਹਾਂ ਦੇ ਸਿੱਧੇ ਟਕਰਾਅ ਤੋਂ ਗੁਰੇਜ਼ ਕਰਨ ਅਤੇ ਸਿਰਫ਼ ਲਾਹਣਤ ਪੱਤਰ ਦੀ ਕਾਪੀ ਉਨ੍ਹਾਂ ਨੂੰ ਸੌਂਪਣ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਇਨ੍ਹਾਂ ਆਗੂਆਂ ਦੇ ਘਰਾਂ ਜਾਂ ਦਫ਼ਤਰਾਂ ਦੇ ਬਾਹਰ ਪੋਸਟਰ ਜਾਂ ਹੋਰਡਿੰਗਜ਼ ਦੇ ਰੂਪ ਵਿੱਚ ਵੀ ਇਹ ਪੱਤਰ ਚਿਪਕਾ ਸਕਦੇ ਹਨ। ‘ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ’ ਦੇ ਨਾਂ ਹੇਠ ਜਾਰੀ ਇਸ ਲਾਹਣਤ ਪੱਤਰ ਵਿੱਚ ਨੌਂ ਪ੍ਰਮੁੱਖ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਇਸ ਦੁਖਦਾਈ ਘਟਨਾ ਤੋਂ ਬਾਅਦ ‘ਆਪ’ ਵਿਧਾਇਕਾਂ ਦੀ ਚੁੱਪ ’ਤੇ ਗੰਭੀਰ ਸਵਾਲ ਚੁੱਕੇ ਗਏ ਹਨ। ਕਮੇਟੀ ਨੇ ਦੋਸ਼ ਲਾਇਆ ਹੈ ਕਿ ਨਸ਼ਾ ਤਸਕਰਾਂ, ਪੁਲੀਸ ਅਤੇ ਰਾਜਸੀ ਨੁਮਾਇੰਦਿਆਂ ਦੀ ਆਪਸੀ ਮਿਲੀਭੁਗਤ ਕਾਰਨ ਇਹ ਗ਼ੈਰ-ਕਾਨੂੰਨੀ ਧੰਦਾ ਪੂਰੇ ਪੰਜਾਬ ਵਿੱਚ ਫੈਲ ਰਿਹਾ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰ ਤਬਾਹ ਹੋ ਰਹੇ ਹਨ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫੇਸਬੁੱਕ ’ਤੇ ਲਾਈਵ ਚੱਲ ਰਹੀ ਇਸ ਘਟਨਾ ਤੋਂ ਬਾਅਦ ਪੂਰੇ ਸੂਬੇ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ-ਪ੍ਰਦਰਸ਼ਨ ਸ਼ੁਰੂ ਹੋ ਗਏ।
ਪੱਤਰ ਵਿੱਚ ਦਰਜ ਨੌਂ ਮੁੱਖ ਮੰਗਾਂ ਵਿੱਚ
• ਮੁੱਖ ਮੰਤਰੀ ਭਗਵੰਤ ਮਾਨ ਦਾ ਇਖ਼ਲਾਕੀ ਆਧਾਰ ’ਤੇ ਅਸਤੀਫ਼ਾ
• ਪੰਜਾਬ ਦੇ ਡੀਜੀਪੀ ਦਾ ਅਸਤੀਫ਼ਾ
• ਪਰਿਵਾਰ ਦੀ ਸਹਿਮਤੀ ਨਾਲ ਚੰਡੀਗੜ੍ਹ ਦੇ ਪੀਜੀਆਈਐੱਮਈਆਰ (PGIMER) ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ
• ਕਤਲ ਕਾਂਡ ਅਤੇ ਪੁਲੀਸ-ਸਿਆਸਤਦਾਨ-ਤਸਕਰ ਗਠਜੋੜ ਦੀ ਸੀਬੀਆਈ (CBI) ਜਾਂਚ
• ਜਿਸ ਦੁਕਾਨ ’ਤੇ ਕਤਲ ਹੋਇਆ ਉੱਥੇ ਝੋਟਾ ਦਾ ਬੁੱਤ ਲਗਾਉਣਾ
• ਮਾਨਸਾ ਦੇ ਦੋ ਐੱਸਐੱਚਓਜ਼, ਡੀਐੱਸਪੀ ਅਤੇ ਡਰੱਗ ਇੰਸਪੈਕਟਰ ਨੂੰ ਬਰਖ਼ਾਸਤ ਕਰਨਾ
• ਪਿੰਡ ਖਿਆਲਾ ਕਲਾਂ ਵਿਖੇ ਝੋਟਾ ਦੇ ਨਾਂ ’ਤੇ ਟਰਾਮਾ ਸੈਂਟਰ ਦੀ ਸਥਾਪਨਾ
• ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣਾ
• ਫਾਇਰਿੰਗ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਦਾ ਮੁਫ਼ਤ ਸਰਕਾਰੀ ਇਲਾਜ ਤੇ 20-20 ਲੱਖ ਰੁਪਏ ਦਾ ਮੁਆਵਜ਼ਾ ਸ਼ਾਮਲ ਹੈ।
ਪੱਤਰ ਵਿੱਚ 'ਆਪ' ਵਿਧਾਇਕਾਂ ਨੂੰ ਜਨਤਕ ਤੌਰ ’ਤੇ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਉਹ ਝੋਟਾ ਦੇ ਪਰਿਵਾਰ ਅਤੇ ਨਸ਼ੇ ਪੀੜਤ ਲੋਕਾਂ ਦੇ ਨਾਲ ਖੜ੍ਹੇ ਹਨ ਜਾਂ ਨਸ਼ਾ ਤਸਕਰਾਂ ਦੇ ਨਾਲ। ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਵਿਧਾਇਕਾਂ ਅਤੇ ਮੰਤਰੀਆਂ ਨੇ ਚੁੱਪ ਨਾ ਤੋੜੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪੱਤਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਤਿੰਨ ਸਾਲ ਪਹਿਲਾਂ ਪਰਵਿੰਦਰ ਨੇ ਉਸੇ ਕੈਮਿਸਟ ਨੂੰ ਨਸ਼ੀਲੀਆਂ ਕੈਪਸੂਲਾਂ ਸਮੇਤ ਫੜਿਆ ਸੀ, ਪਰ ਨਤੀਜਾ ਇਹ ਨਿਕਲਿਆ ਕਿ ਕੈਮਿਸਟ ਨੂੰ ਅਸਲਾ ਲਾਇਸੈਂਸ ਮਿਲ ਗਿਆ ਅਤੇ ਝੋਟਾ ਨੂੰ ਝੂਠੇ ਕੇਸ ’ਚ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ ਸੀ।
← Back to News