ਅੰਮ੍ਰਿਤ ਪਾਲ ਸਿੰਘ ਦੀ ਪੈਰੋਲ ਅਰਜੀ ਹੁਣ 12 ਨਵੰਬਰ ਨੂੰ ਦਾਇਰ ਹੋਵੇਗੀ

ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤ ਪਾਲ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਪੈਰੋਲ ਅਰਜੀ ਅੱਜ ਸਥਾਨਕ ਅਦਾਲਤ ਵਿੱਚ ਦਾਇਰ ਨਹੀਂ ਹੋ ਸਕੀ। ਹੁਣ ਪਰਿਵਾਰ ਵੱਲੋਂ ਇਹ ਅਰਜੀ 12 ਨਵੰਬਰ ਨੂੰ ਸਥਾਨਕ ਅਦਾਲਤ ਵਿੱਚ ਦਾਇਰ ਕੀਤੀ ਜਾਵੇਗੀ। ਦੱਸਣ ਯੋਗ ਹੈ ਕਿ ਅੰਮ੍ਰਿਤ ਪਾਲ ਸਿੰਘ ਦੀ ਦਾਦੀ ਦਾ ਦੇਹਾਂਤ ਦੀਵਾਲੀ ਵਾਲੇ ਦਿਨ ਹੋ ਗਿਆ ਸੀ । ਪਰਿਵਾਰ ਵੱਲੋਂ ਉਨਾਂ ਦਾ ਸਸਕਾਰ ਕੀਤਾ ਜਾਣਾ ਹੈ। ਪਰ ਇਸ ਸਸਕਾਰ ਵਿੱਚ ਅੰਮ੍ਰਿਤਪਾਲ ਸਿੰਘ, ਉਸਦੇ ਚਾਚਾ ਤੇ ਇੱਕ ਹੋਰ ਰਿਸ਼ਤੇਦਾਰ ਦੀ ਸ਼ਮੂਲੀਅਤ ਨੂੰ ਲੈ ਕੇ ਪਰਿਵਾਰ ਵੱਲੋਂ ਇਹਨਾਂ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਤਿੰਨੋ ਹੀ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ। ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਕਿ ਜਿਸ ਸਥਾਨਕ ਅਦਾਲਤ ਵਿੱਚ ਅੱਜ ਅਰਜੀ ਦਾਇਰ ਕੀਤੀ ਜਾਣੀ ਸੀ, ਉੱਥੇ ਜੱਜ ਛੁੱਟੀ ’ਤੇ ਹੈ। ਜਿਸ ਕਾਰਨ ਪੈਰੋਲ ਸਬੰਧੀ ਅਰਜੀ ਦਾਇਰ ਨਹੀਂ ਕੀਤੀ ਜਾ ਸਕੀ। ਉਹਨਾਂ ਦੱਸਿਆ ਕਿ ਇਹ ਪੈਰੋਲ ਅਰਜੀ ਹੁਣ 12 ਨਵੰਬਰ ਨੂੰ ਦਇਰ ਕੀਤੀ ਜਾਵੇਗੀ। ਇਸ ਦੌਰਾਨ ਅੰਮ੍ਰਿਤ ਪਾਲ ਸਿੰਘ ਦੀ ਦਾਦੀ ਦਾ ਸਸਕਾਰ ਕਰਨ ਦੀ ਮਿਤੀ ਫਿਲਹਾਲ ਹੋਰ ਅੱਗੇ ਪਾ ਦਿੱਤੀ ਗਈ ਹੈ। ਇਸ ਦੌਰਾਨ ਪਾਰਟੀ ਆਗੂਆਂ ਨੇ ਖੁਲਾਸਾ ਕੀਤਾ ਕਿ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਭੇਜਿਆ ਗਿਆ ਹੈ । ਇਸ ਮਾਮਲੇ ਵਿੱਚ ਮਾਨਵੀ ਸੰਵੇਦਨਾ ਨੂੰ ਧਿਆਨ ਵਿੱਚ ਰੱਖਦਿਆਂ ਪੈਰੋਲ ਦੇਣ ਸਬੰਧੀ ਮਾਮਲਾ ਵਿਚਾਰਨ ਦੀ ਅਪੀਲ ਕੀਤੀ ਹੈ।
← Back to News