ਪੁਲੀਸ ਨਾਲ ਸਹਿਯੋਗ ਨਹੀਂ ਕੀਤਾ ਜਾਵੇਗਾ: ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਅੱਜ ਮੀਟਿੰਗ ਕਰਕੇ ਸਪੱਸ਼ਟ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਪੁਲੀਸ ਨਾਲ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਹੋਈ ਅਧਿਕਾਰੀਆਂ ਦੀ ਮੀਟਿੰਗ ਮਗਰੋਂ ਸਮੁੱਚੇ ਮਾਮਲੇ ’ਤੇ ਸਿੱਖ ਸੰਸਥਾ ਦਾ ਪੱਖ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੀ ਜਾਂਚ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੁਕੰਮਲ ਕਰ ਲਈ ਹੈ। ਅਕਾਲ ਤਖ਼ਤ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਿਮ ਹੈ, ਜਿਸ ਅਨੁਸਾਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ। ਸਕੱਤਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਅਤੇ ਰਿਕਾਰਡ ਵਿੱਚ ਹੇਰ-ਫੇਰ ਕਰਨ ਵਾਲੇ ਸਿੱਧੇ ਤੌਰ ’ਤੇ ਤਿੰਨ ਮੁਲਾਜ਼ਮ ਕੰਵਲਜੀਤ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ ਸ਼ਾਮਲ ਸਨ। ਇਨ੍ਹਾਂ ਨੇ ਆਪਣੀ ਲਾਲਸਾ ਲਈ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਦਨਾਮ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਰਧਾਲੂ ਜਾਂ ਗੁਰਦੁਆਰਾ ਕਮੇਟੀਆਂ ਪਾਵਨ ਸਰੂਪਾਂ ਦੀ ਮੰਗ ਕਰਦੇ ਹਨ ਤਾਂ ਨਿਯਮਾਂ ਅਨੁਸਾਰ ਪ੍ਰਚਾਰਕ ਦੀ ਪੜਤਾਲ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਸ਼ ਤੋਂ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਪਾਵਨ ਸਰੂਪ ਦੇਣ ਸਮੇਂ ਭੇਟਾ ਜਮ੍ਹਾਂ ਕਰਕੇ ਰਸੀਦ ਕੱਟੀ ਜਾਂਦੀ ਹੈ ਅਤੇ ਉਸ ਨੂੰ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਕੇ ਇਹ ਜ਼ਿੰਮੇਵਾਰੀ ਪਬਲੀਕੇਸ਼ਨ ਵਿਭਾਗ ਵਿਖੇ ਤਾਇਨਾਤ ਤਤਕਾਲੀ ਮੁਲਾਜ਼ਮਾਂ ਨੇ ਨਹੀਂ ਨਿਭਾਈ। ਇਸ ਤਰ੍ਹਾਂ ਸਿੱਧੇ ਤੌਰ ’ਤੇ ਦੋਸ਼ੀ ਹੋਣ ਕਰਕੇ ਹੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਪ੍ਰਬੰਧਕੀ ਤੌਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਸਿੱਖ ਸੰਸਥਾ ਸਿੱਖ ਗੁਰਦੁਆਰਾ ਐਕਟ ਦੀ ਭਾਵਨਾ ਅਨੁਸਾਰ ਕਾਰਜ ਕਰਦੀ ਹੈ ਅਤੇ ਇਸ ਦੌਰਾਨ ਕੰਮ ਕਰਨ ਵਾਲੇ ਹਰ ਮੁਲਾਜ਼ਮ ਦੀ ਆਪਣੀ ਨਿਰਧਾਰਤ ਜ਼ਿੰਮੇਵਾਰੀ ਹੈ, ਜੇ ਕੋਈ ਅਵੱਗਿਆ ਕਰਦਾ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਨਾ ਸੰਸਥਾ ਦਾ ਅਧਿਕਾਰ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਵੀ ਸਿੱਖ ਸੰਸਥਾ ਨੂੰ ਜਾਣਬੁੱਝ ਕੇ ਬਦਨਾਮ ਕਰਨ ਵਾਲਾ ਕਰਾਰ ਦਿੱਤਾ।