ਕੌਮੀ ਇਨਸਾਫ਼ ਮੋਰਚੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਅਹਿਦ

blog single post
ਚੰਡੀਗੜ੍ਹ ਦੀਆਂ ਬਰੂਹਾਂ ’ਤੇ ਯਾਦਵਿੰਦਰਾ ਚੌਕ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ’ਤੇ ਅੱਜ ਇੱਥੇ ਇਕੱਠ ਕੀਤਾ ਗਿਆ। ਇਸ ਮੌਕੇ ਇਕੱਠ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਅਹਿਦ ਲਿਆ। 12 ਜਨਵਰੀ ਨੂੰ ਬਾਅਦ ਦੁਪਹਿਰ ਇੱਕ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਪੰਜਾਬ ਦੇ ਸਾਰੇ ਟੌਲ ਪਲਾਜ਼ੇ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ 26 ਜਨਵਰੀ ਨੂੰ ‘ਕਾਲੇ ਦਿਵਸ’ ਵਜੋਂ ਮਨਾਉਂਦਿਆਂ ਬਾਅਦ ਦੁਪਹਿਰ ਇੱਕ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਕਾਲੇ ਝੰਡੇ ਲੈ ਕੇ ਟੌਲ ਪਲਾਜ਼ਿਆਂ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਟੌਲ ਫਰੀ ਕੀਤੇ ਜਾਣਗੇ। ਮੋਰਚੇ ਨੇ ਪੰਜਾਬ ਭਾਜਪਾ ਪ੍ਰਧਾਨ ਨੂੰ ਪੱਤਰ ਲਿਖ ਕੇ ਸਥਿਤੀ ਤੋਂ ਜਾਣੂ ਕਰਵਾਉਣ ਅਤੇ ਭਾਜਪਾ ਆਗੂਆਂ ਦੇ ਦਫ਼ਤਰਾਂ ਤੇ ਘਰਾਂ ਅੱਗੇ ਧਰਨੇ ਦੇਣ ਦੀ ਚਿਤਾਵਨੀ ਦਿੱਤੀ। ਗੁਰਚਰਨ ਸਿੰਘ ਹਵਾਰਾ ਨੇ ਦੱਸਿਆ ਕਿ ਮੋਰਚੇ ਦੌਰਾਨ ਤਿੰਨ ਬੰਦੀ ਸਿੰਘਾਂ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਜ਼ਮਾਨਤ ਮਿਲੀ ਹੈ, ਜਦਕਿ ਜਗਤਾਰ ਸਿੰਘ ਹਵਾਰਾ ਤੇ ਜਗਤਾਰ ਸਿੰਘ ਤਾਰਾ ਦੇ ਕੇਸਾਂ ਦੀ ਸੁਣਵਾਈ ਸ਼ੁਰੂ ਹੋਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ. ਦਰਸ਼ਨਪਾਲ ਨੇ ਕਿਸਾਨ ਜਥੇਬੰਦੀਆਂ ਨੂੰ ਮਹੀਨੇ ਵਿੱਚ ਇੱਕ ਦਿਨ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ। ਇਸ ਮੌਕੇ ਬਲਬੀਰ ਸਿੰਘ ਬੈਰੋਂਪੁਰ, ਮਹਿੰਦਰ ਪਾਲ ਸਿੰਘ, ਸਤਨਾਮ ਸਿੰਘ ਬਹਿਰੂ, ਕਰਨੈਲ ਸਿੰਘ ਪੰਜੋਲੀ, ਗੁਰਦੀਪ ਸਿੰਘ ਬਠਿੰਡਾ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਸਮੇਤ ਹੋਰਾਂ ਨੇ ਸੰਬੋਧਨ ਕੀਤਾ।