ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ
ਨਿਊਜ਼ੀਲੈਂਡ ਵਿਚ ਮੁੜ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ। ਉਂਝ ਟੌਰੰਗਾ ’ਚ ਨਗਰ ਕੀਰਤਨ ਨੂੰ ਰੋਕਿਆ ਨਹੀਂ ਗਿਆ ਪਰ ਇਸ ਦੇ ਵਿਰੋਧ ਵਿਚ ਸਥਾਨਕ ਚਰਚ ਨਾਲ ਜੁੜੇ ਲੋਕ ਸੜਕਾਂ ’ਤੇ ਉਤਰ ਆਏ ਅਤੇ ਮਾਓਰੀ ਹਾਕਾ ਡਾਂਸ ਕੀਤਾ। ਵਿਰੋਧ ਕਰ ਰਹੇ ਲੋਕਾਂ ਨੇ ਕਿਹਾ, ‘‘ਨਗਰ ਕੀਰਤਨ ਨੂੰ ਗਲੀਆਂ ਵਿਚ ਜਾਣ ਦੀ ਇਜਾਜ਼ਤ ਕਿਸ ਨੇ ਦਿੱਤੀ ਅਤੇ ਸਿੱਖ ਤਲਵਾਰਾਂ ਕਿਉਂ ਲਹਿਰਾ ਰਹੇ ਹਨ। ਅਸੀਂ ਇਸ ਦਾ ਵਿਰੋਧ ਕਰਾਂਗੇ ਅਤੇ ਕਿਸੇ ਨੂੰ ਦੇਸ਼ ਦਾ ਸਭਿਆਚਾਰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’ ਲੋਕਾਂ ਨੇ ਨਗਰ ਕੀਰਤਨ ਵਿਚ ਸਿੱਖ ਨਿਸ਼ਾਨ ਅਤੇ ਝੰਡਿਆਂ ਦਾ ਵੀ ਵਿਰੋਧ ਕੀਤਾ ਤੇ ਸਿੱਖ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸਿੱਖ ਸੰਗਤ, ਟੌਰੰਗਾ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਨਗਰ ਕੀਰਤਨ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਸਜਾਇਆ ਗਿਆ। ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕੋਈ ਗੜਬੜ ਨਾ ਹੋਵੇ। ਨਗਰ ਕੀਰਤਨ ਸ਼ਾਂਤੀਪੂਰਨ ਅੱਗੇ ਵਧਦਾ ਗਿਆ ਤੇ ਵਾਲੰਟੀਅਰਾਂ ਨੇ ਸਿੱਖ ਸੰਗਤ ਨੂੰ ਕਤਾਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਿਸੰਘ ਧਾਮੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਕੇਂਦਰ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਐਕਸ’ ’ਤੇ ਨਿਊਜ਼ੀਲੈਂਡ ’ਚ ਨਗਰ ਕੀਰਤਨ ਨੂੰ ਰੋਕਣ ’ਤੇ ਚਿੰਤਾ ਪ੍ਰਗਟਾਈ।