ਪਾਵਨ ਸਰੂਪ ਮਾਮਲੇ ’ਚ ਸਿਆਸਤ ਕਰ ਰਹੇ ਨੇ ਮੁੱਖ ਮੰਤਰੀ: ਗੜ੍ਹੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ਪਟਿਆਲਾ ਇਕਾਈ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਤੇ ਧਰਮ ਦੀ ਆੜ ’ਚ ਰਾਜਨੀਤੀ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਆਗੂਆਂ ਨੇ ਇਸ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਤਹਿਤ ਮੁੱਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ’ਚ ਕਮੀਆਂ ਕੱਢਣ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਪੰਜਾਬ ਸਰਕਾਰ ਦੀ ‘ਬੀ’ ਟੀਮ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਤੇ ਰਾਜਪੁਰਾ ਹਲਕੇ ਦੇ ਇੰਚਾਰਜ ਸੁਰਜੀਤ ਸਿੰਘ ਗੜ੍ਹੀ, ਜ਼ਿਲ੍ਹਾ ਪ੍ਰਧਾਨ ਜਗਮੀਤ ਹਰਿਆਊ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਸਣੇ ਪਟਿਆਲਾ ਹਲਕੇ ਦੇ ਇੰਚਾਰਜ ਅਮਰਿੰਦਰ ਬਜਾਜ, ਸ਼ੁਤਰਾਣਾ ਦੇ ਇੰਚਾਰਜ ਕਬੀਰ ਦਾਸ, ਐੱਸ ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤਜਿੰਦਰਪਾਲ ਸੰਧੂ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਲੰਗਠ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਈਸ਼ਰ ਸਿੰਘ ਕਮੇਟੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਸਬੰਧੀ ਮਾਮਲਾ ਨਾ ਚੋਰੀ, ਨਾ ਗਾਇਬ ਕਰਨ ਅਤੇ ਨਾ ਹੀ ਬੇਅਦਬੀ ਦਾ ਹੈ। ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਜੇ ਮੁੱਖ ਮੰਤਰੀ ਕੋਲ਼ ਸਬੂਤ ਹਨ ਤਾਂ ਉਹ ਸੰਗਤ ਸਾਹਮਣੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਾਰਾ ਕੰਮ ਪਾਰਦਰਸ਼ੀ ਹੈ। ਆਗੂਆਂ ਨੇ ਕਿਹਾ ਕਿ ‘ਆਪ’ ਬੇਅਦਬੀ ਮਾਮਲੇ ’ਤੇ ਸਿਆਸਤ ਕਰ ਕੇ ਸੱਤਾ ’ਤੇ ਕਾਬਜ਼ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਅਤਿਸ਼ੀ ਮਾਮਲੇ ’ਚ ਮੁੱਖ ਮੰਤਰੀ ਦੀ ਚੁੱਪ ਬਾਰੇ ਅਕਾਲੀ ਆਗੂਆਂ ਨੇ ਕਿਹਾ ਕਿ ‘ਆਪ’ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲ਼ੀ ਪਾਰਟੀ ਹੈ। ‘ਆਪ’ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਜਗਮੀਤ ਹਰਿਆਊ ਅਤੇ ਅਮਿਤ ਰਾਠੀ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਪੈਸੇ ਦੀ ਬਰਬਾਦੀ ਕਰ ਰਹੇ ਹਨ। ਉਹ ਬਾਹਰੀ ਲੋਕਾਂ ਤੋਂ ਪੰਜਾਬ ਲੁੱਟ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਧੱਕੇਸ਼ਾਹੀ ਕੀਤੀ। ਇਸ ਮੌਕੇ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਕਰਨ ਸਾਹਨੀ ਅਤੇ ਸੁਮੇਲ ਕੁਰੇਸ਼ੀ ਵੀ ਹਾਜ਼ਰ ਸਨ।