ਮੁੱਖ ਮੰਤਰੀ ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਣ: ਸੁਖਬੀਰ

blog single post
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਾਂਚ ਦੌਰਾਨ ਪੰਜਾਬ ਪੁਲੀਸ ਵੱਲੋਂ ਕੀਤੇ ਕਥਿਤ ਅਪਮਾਨ ਦੀ ਨਿਖੇਧੀ ਕੀਤੀ ਹੈ। ਬੰਗਾ ਨੇੜੇ ਸਥਿਤ ਇਸ ਸਥਾਨ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰੇ ਵਿੱਚ ਆਈ ਪੁਲੀਸ ਟੀਮ ਮੁੱਖ ਮੰਤਰੀ ਨੂੰ ਰਿਪੋਰਟ ਕਰ ਰਹੀ ਸੀ, ਕਮੇਟੀ ਮੈਂਬਰਾਂ ਮੁਤਾਬਕ ਛਾਪੇ ਦੌਰਾਨ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਗਿਆ। ਉਨ੍ਹਾਂ ਪੁਲੀਸ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਕਿਸੇ ਦੇ ਕਹਿਣ ’ਤੇ ਬੇਅਦਬੀ ਵਰਗੀਆਂ ਕਾਰਵਾਈਆਂ ਦਾ ਹਿੱਸਾ ਨਾ ਬਣੇ। ਇਸੇ ਦੌਰਾਨ ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਬਲਦੇਵ ਖਹਿਰਾ, ਤੇਜਿੰਦਰ ਸਿੰਘ ਮਿੱਡੂਖੇੜਾ, ਕਮਲ ਚੇਤਲੀ ਅਤੇ ਸੁਖਦੀਪ ਸਿੰਘ ਸੁਕਾਰ ਵੀ ਸਨ। ਜ਼ਿਕਰਯੋਗ ਹੈ ਕਿ ਰਸੋਖਾਨਾ ਕਮੇਟੀ ਦੇ ਆਗੂ ਪਹਿਲਾਂ ਹੀ ਸਰੂਪਾਂ ਬਾਰੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਦਾਅਵੇ ਨਕਾਰਦਿਆਂ ਸਥਿਤੀ ਸਪੱਸ਼ਟ ਕਰ ਚੁੱਕੇ ਹਨ। ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵੀ ਕਮੇਟੀ ਦੇ ਪੱਖ ਦੀ ਹਮਾਇਤ ਕੀਤੀ ਹੈ।