ਬਿੱਟੂ ਦਾ ਘਰ ਘੇਰਨ ਜਾਂਦੇ ਮਜ਼ਦੂਰਾਂ ਦੀ ਪੁਲੀਸ ਵੱਲੋਂ ਖਿੱਚ-ਧੂਹ
ਭਾਈ ਲਾਲੋ ਲੋਕ ਮੰਚ ਨਾਲ ਜੁੜੇ ਮਗਨਰੇਗਾ ਅਧਿਕਾਰ ਅੰਦੋਲਨ ਦੀ ਅਗਵਾਈ ਹੇਠ ਮਗਨਰੇਗਾ ਮਜ਼ਦੂਰਾਂ ਨੇ ਅੱਜ ਇਥੇ ਪੰਜਾਬੀ ਭਵਨ ਵਿੱਚ ਰੈਲੀ ਕੀਤੀ। ਇਸ ਤੋਂ ਬਾਅਦ ਜਦੋਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਘਰ ਘਿਰਾਓ ਕਰਨ ਜਾ ਰਹੇ ਸਨ ਤਾਂ ਮਜ਼ਦੂਰ ਆਗੂਆਂ ਤੇ ਪੁਲੀਸ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਪੁਲੀਸ ਨੇ ਮਜ਼ਦੂਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਮਜ਼ਦੂਰਾਂ ਨੇ ਰੇਲ ਮੰਤਰੀ ਦੇ ਜ਼ਰੀਏ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਈ ਲਾਲੋ ਲੋਕ ਮੰਚ ਦੇ ਕਨਵੀਨਰ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਵਿਕਸਿਤ ਭਾਰਤ ਜੀ ਰਾਮ ਜੀ ਬਣਾ ਕੇ ਮਗਨਰੇਗਾ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਰ ਐੱਸ ਐੱਸ ਦੀ ਸੋਚ ਤੋਂ ਪ੍ਰੇਰਿਤ ਹੋ ਕੇਂਦਰ ਸਰਕਾਰ ਨੇ ਨਾ ਸਿਰਫ਼ ਮਗਨਰੇਗਾ ਦਾ ਨਾਮ ਬਦਲਿਆ ਬਲਕਿ ਕਾਮਿਆਂ ਦੇ ਰੁਜ਼ਗਾਰ ਦੀ ਗਾਰੰਟੀ ਨੂੰ ਵੀ ਖ਼ਤਮ ਕਰ ਦਿੱਤਾ ਹੈ। ਇਸ ਮੌਕੇ ’ਤੇ ਭਾਈ ਲਾਲੋ ਲੋਕ ਮੰਚ ਦੇ ਆਗੂ ਬਲਕੌਰ ਸਿੰਘ ਗਿੱਲ, ਕਰਨ ਸਿੰਘ ਰਾਣਾ, ਕੇਵਲ ਸਿੰਘ, ਗੋਬਿੰਦ ਸਿੰਘ, ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਚਰਨਜੀਤ ਸਿੰਘ ਤੇ ਪ੍ਰਕਾਸ਼ ਸਿੰਘ ਹਿੱਸੋਵਾਲ ਨੇ ਕਿਹਾ ਕਿ ‘ਵੀ ਬੀ ਜੀ ਰਾਮ ਜੀ’, ਬਿਜਲੀ ਬਿੱਲ 2025, ਬੀਜ ਬਿੱਲ 2025 ਰੱਦ ਕੀਤੇ ਜਾਣ।