ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ

blog single post
ਜਵੱਦੀ ਟਕਸਾਲ ਵੱਲੋਂ ਗੁਰੂ ਗੋਬਿੰਦ ਸਿੰਘ ਦੇ 350ਵੇਂ ਗੁਰਤਾਗੱਦੀ ਦਿਵਸ ਸਬੰਧੀ ‘ਜੀਵਨ, ਬਾਣੀ ਅਤੇ ਵਿਰਾਸਤ’ ਵਿਸ਼ਿਆਂ ’ਤੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਸ਼ੁਰੂ ਹੋ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੁਰਾਤਨ ਗੁਰਮਤਿ ਸੰਗੀਤ ਵਿਰਾਸਤ ਦੀ ਸੰਭਾਲ, ਪ੍ਰਚਾਰ ਤੇ ਪਾਸਾਰ ਲਈ ਜਵੱਦੀ ਟਕਸਾਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਮਤ ਸਾਧਨਾਂ ਨਾਲ ਅਕਾਦਮਿਕ ਖੇਤਰ ਦੇ ਵੱਡੇ ਕਾਰਜ ਕਰਨੇ ਸ਼ਲਾਘਾਯੋਗ ਹੈ। ਇਸ ਤੋਂ ਪਹਿਲਾਂ ਕਾਨਫਰੰਸ ਦੀ ਸ਼ੁਰੂਆਤ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ ਗਈ, ਜਦ ਕਿ ਡਾ. ਹਰਜੋਧ ਸਿੰਘ ਨੇ ਸਭ ਨੂੰ ਜੀ ਆਇਆ ਕਿਹਾ। ਇਸ ਮੌਕੇ ਬੀਬੀ ਪ੍ਰਭਜੋਤ ਕੌਰ ਜੰਜੂਆ ਨੇ ਕੁੰਜੀਵਤ ਭਾਸ਼ਣ ਵਿੱਚ ਗੁਰੂ ਗੋਬਿੰਦ ਸਿੰਘ ਦੇ ਜੀਵਨ, ਬਾਣੀ ਅਤੇ ਵਿਰਾਸਤ ਦੇ ਹਵਾਲੇ ਨਾਲ ਅਜੋਕੇ ਸੰਦਰਭ ਵਿੱਚ ਜਾਣਕਾਰੀ ਦਿੱਤੀ। ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਪੁਰਾਤਨ ਸਮਿਆਂ ਦੇ ਅਨੁਪਾਤ ’ਚ ਅਜੋਕੇ ਹਾਲਾਤ ਨੂੰ ਬਿਆਨ ਕੀਤਾ, ਜਦਕਿ ਪਦਮਸ੍ਰੀ ਸੰਤ ਸੇਵਾ ਸਿੰਘ ਨੇ ਨਾਮ ਸਿਮਰਨ ਕਰਵਾਇਆ। ਇਸ ਮੌਕੇ ਧਰਮ ਅਤੇ ਸਮਾਜ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਪੰਜ ਅਹਿਮ ਸ਼ਖ਼ਸੀਅਤਾਂ ਸ਼੍ਰੋਮਣੀ ਰਾਗੀ ਭਾਈ ਗੁਰਮੇਜ ਸਿੰਘ, ਮਾਤਾ ਪਿਆਰ ਕੌਰ, ਐਡਵੋਕੇਟ ਐੱਚ ਐੱਸ ਫੂਲਕਾ, ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ ਅਤੇ ਪ੍ਰਿੰਸੀਪਲ ਸੰਤੋਖ ਸਿੰਘ ਮਲੇਸ਼ੀਆ ਦਾ ਸਨਮਾਨ ਕੀਤਾ।