ਨਾਨਕਸਰ ਵਾਲੇ ਸੰਤਾਂ ਨਾਲ ਜੇ ਕੋਈ ਘਟਨਾ ਵਾਪਰੀ ਤਾਂ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ : ਜਥੇਦਾਰ

blog single post
ਨਾਨਕਸਰ ਸੰਪਰਦਾ ਦੇ ਅਤਿ ਸਤਿਕਾਰਯੋਗ ਸੰਤ ਬਾਬਾ ਘਾਲਾ ਸਿੰਘ ਪਾਸੋਂ ਸੁਰੱਖਿਆ ਵਾਪਸ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸੂਬੇ ਦੀ ਮੌਜੂਦਾ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਚੱਲਦਿਆਂ ਸਰਕਾਰ ਦੀ ਇਹ ਕਾਰਵਾਈ ਗਲਤ ਹੈ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਸੰਤ ਬਾਬਾ ਘਾਲਾ ਸਿੰਘ ਨੂੰ ਪਿਛਲੇ ਲੰਮੇ ਸਮੇਂ ਤੋਂ ਜੋ ਸੁਰੱਖਿਆ ਮਿਲੀ ਹੋਈ ਹੈ ਜਿਸ ਨੂੰ ਹਾਲ ਹੀ ਵਿਚ ਵਾਪਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਜੋ ਕਤਲੋਗਾਰਤ ਅੱਜ ਪੰਜਾਬ ਵਿਚ ਵਾਪਰ ਰਹੀ ਹੈ ਇਹ ਪੰਜਾਬ ਦਾ ਸੁਭਾਅ ਨਹੀਂ ਬਲਕਿ ਇੱਥੋਂ ਸਰਬੱਤ ਦੇ ਭਲੇ ਦਾ ਸਨੇਹਾ ਸਮੁੱਚੇ ਵਿਸ਼ਵ ਨੂੰ ਜਾਂਦਾ ਹੈ। ਜੇਕਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਪ੍ਰਚਾਰਕਾਂ ਨਾਲ ਸਰਕਾਰ ਲਾਗਤਬਾਜ਼ੀ ਕਰਕੇ ਕਾਰਵਾਈ ਕਰੇਗੀ ਤਾਂ ਇਹ ਬਿਲਕੁਲ ਉਚਿਤ ਨਹੀਂ ਇਸ ਉੱਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਇਹ ਕਾਰਵਾਈ ਸੰਜੀਦਾ ਨਹੀਂ ਅਤੇ ਅਜਿਹੇ ਵਿਚ ਜੇਕਰ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਪ੍ਰਭਾਵ ਨਾਲ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਮੁੜ ਬਹਾਲ ਕਰੇ।