‘ਆਪ’ ਨੇ ਕਿਸਾਨਾਂ ਦੀ ਸਾਰ ਨਹੀਂ ਲਈ: ਬਾਦਲ

blog single post
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਅਤੇ ਮੂਨਕ ਵਿੱਚ ਪੰਜਾਬ ਬਚਾਓ ਰੈਲੀਆਂ ਕੀਤੀਆਂ। ਮਾਨਸਾ ਵਿਖੇ ਪ੍ਰੇਮ ਅਰੋੜਾ ਦੀ ਅਗਵਾਈ ਹੇਠ ਹੋਈ ਪੰਜਾਬ ਬਚਾਓ ਰੈਲੀ ਕੀਤੀ ਗਈ ਜਿਸ ਵਿੱਚ ਸ਼੍ਰੀ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਧੱਕ ਰਹੀ ਹੈ। ਮੂਨਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਦਰਦ ਸਿਰਫ਼ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸਮਝ ਸਕਦੀ ਹੈ। ਸੁਖਬੀਰ ਬਾਦਲ ਨੇ ਲਹਿਰਾਗਾਗਾ ਹਲਕੇ ਤੋਂ ਉਮੀਦਵਾਰ ਵਜੋਂ ਗਗਨਦੀਪ ਸਿੰਘ ਖੰਡੇਬਾਦ ਨੂੰ ਥਾਪੀ ਦਿੱਤੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਰਾਜ ਕਰਨ ਆਉਂਦੀਆਂ ਹਨ, ਪੰਜਾਬ ਦੀ ਸੇਵਾ ਲਈ ਨਹੀਂ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਗ਼ਰੀਬਾਂ ਦਾ ਦਰਦ ਸਮਝਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪਾਣੀ ਦੀ ਇਕ ਵੀ ਬੂੰਦ ਰਾਜਸਥਾਨ ਨੂੰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਪੰਜਾਬ ਵਿਚ ਕਿਸੇ ਵੀ ਗ਼ਰੀਬ ਕੋਲ ਕੱਚਾ ਘਰ ਨਹੀਂ ਹੋਵੇਗਾ। ਪੰਜਾਬ ਦੇ ਸਾਰੇ 13 ਹਜ਼ਾਰ ਪਿੰਡਾਂ ਵਿਚ ਸੀਮਿੰਟ ਦੀਆਂ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ। ਸ਼੍ਰੀ ਬਾਦਲ ਨੇ ਕਿਹਾ ਕਿ ਜੇ 2027 ਵਿਚ ਸਾਡੀ ਸਰਕਾਰ ਬਣੀ ਤਾਂ ਪੰਜਾਬ ਦੇ ਦਰਿਆਵਾਂ ਵਿਚ ਕਿਸੇ ਵੀ ਫੈਕਟਰੀ ਅਤੇ ਸੀਵਰੇਜ ਦਾ ਪਾਣੀ ਨਹੀਂ ਪੈਣ ਦਿੱਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ‘ਤੇ ਵੱਡੇ ਬਾਦਲ ਦੇ ਨਾਂ ‘ਤੇ ਇਕ 10 ਲੱਖ ਰੁਪਏ ਦੀ ਸਕੀਮ ਲਿਆਂਦੀ ਜਾਵੇਗੀ ਜਿਸ ਵਿਚ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਕਰਜ਼ਾ ਦਿੱਤਾ ਜਾਵੇਗਾ, ਜਿਸ ਦਾ ਕੋਈ ਵੀ ਵਿਆਜ ਨਹੀਂ ਮੋੜਨਾ ਪਵੇਗਾ। ਇਸ ਮੌਕੇ ਸਰਬਜੀਤ ਸਿੰਘ ਝਿੰਜਰ, ਅਰਵਿੰਦ ਖੰਨਾ, ਗੋਲਡੀ, ਗੁਲਜਾਰੀ ਮੂਨਕ, ਸਾਬਕਾ ਆਈ ਏ ਐਸ ਕਵਲਜੀਤ ਸਿੰਘ ਚੀਮਾ ਨਿਰਮਲ ਸਿੰਘ ਕੜੈਲ, ਸੂਰਜਮਲ ਚੌਧਰੀ ਆਦਿ ਹਾਜ਼ਰ ਸਨ। ਇਸੇ ਦੌਰਾਨ ਮਾਨਸਾ ਵਿਚ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 22 ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਪੂਰਾ ਨਹੀਂ ਕਰ ਸਕੀ, ਸਰਕਾਰੀ ਐਲਾਨਾਂ ਤੋਂ ਬਾਅਦ ਵੀ ਦਾਲਾਂ ਨਹੀਂ ਖਰੀਦ ਸਕੀ ਅਤੇ ਪਿਛਲੇ ਸਾਲ ਭਿਆਨਕ ਹੜ੍ਹਾਂ ਦੌਰਾਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜ਼ਾ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਸਮੂਹਿਕ ਖੁਦਕੁਸ਼ੀਆਂ ਵਾਲਾ ਸੂਬਾ ਬਣਨ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਕੁਝ ਨਹੀਂ ਕਰ ਰਹੀ। ਸ਼੍ਰੀ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਸਰਕਾਰ ਮਾਨਸਾ ਖੇਤਰ ਵਿੱਚ ਇੱਕ ਵਿਸ਼ਵ ਹੁਨਰ ਸਿਖਲਾਈ ਯੂਨੀਵਰਸਿਟੀ ਸਥਾਪਤ ਕਰੇਗੀ ਜਿਸ ਵਿੱਚ ਸਾਲਾਨਾ ਇੱਕ ਲੱਖ ਵਿਦਿਆਰਥੀਆਂ ਦਾ ਦਾਖਲਾ ਹੋਵੇਗਾ ਅਤੇ ਇਸ ਨਾਲ ਨੌਜਵਾਨ ਰੁਜ਼ਗਾਰ ਯੋਗ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਨੂੰ ਸਰਬੋਤਮ ਸਿੰਚਾਈ ਸੇਵਾਵਾਂ ਦੇਣ ਲਈ ਮਾਨਸਾ ਹਲਕੇ ਵਿੱਚ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣਗੀਆਂ। ਇਸ ਮੌਕੇ ਹਰਸਿਮਰਤ ਕੌਰ ਬਾਦਲ ਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੁਣ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ ਦਲ ਦੇ ਝੰਡੇ ਹੇਠ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਐਡਵੋਕੇਟ ਕੇ ਐਸ ਮਠਾੜੂ, ਬਲਵੀਰ ਸਿੰਘ ਬੀਰੋਕੇ, ਜਤਿੰਦਰ ਸਿੰਘ ਸੋਢੀ, ਕਰਮਜੀਤ ਕੌਰ ਸਮਾਓ ਅਤੇ ਬਾਬਾ ਬੂਟਾ ਸਿੰਘ ਗੁੜਥੜੀ ਨੇ ਵੀ ਸੰਬੋਧਨ ਕੀਤਾ।